(Source: ECI/ABP News/ABP Majha)
Punjab News: ਵੋਟਾਂ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਵੱਡੀ ਕਾਰਵਾਈ, ਜੀਜੇ ਨੂੰ ਪਾਰਟੀ 'ਚੋਂ ਕੀਤਾ ਬਾਹਰ
Adesh Partap Singh Kairon Suspended: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ।
Lok Sabha Elections 2024: ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ (25 ਮਈ) ਨੂੰ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਆਦੇਸ਼ ਪ੍ਰਤਾਪ ਕੈਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜੀਜਾ ਹਨ। ਸੁਖਬੀਰ ਬਾਦਲ ਦੀ ਭੈਣ ਪ੍ਰਨੀਤ ਕੌਰ ਦਾ ਵਿਆਹ ਆਦੇਸ਼ ਪ੍ਰਤਾਪ ਕੈਰੋਂ ਨਾਲ ਹੋਇਆ ਹੈ।
ਇਹ ਕਾਰਵਾਈ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ।
ਇਹ ਵੀ ਪੜ੍ਹੋ: Punjab Politics: ਮਾਨ ਨੇ ਸੱਦਿਆ 'ਸਿਆਸੀ ਗੁਰੂ', ਅਗਲੇ ਪੰਜ ਦਿਨ ਮਾਨ ਤੇ ਕੇਜਰੀਵਾਲ ਨਾਪਣਗੇ ਪੰਜਾਬ ਦੀਆਂ ਸੜਕਾਂ !
ਪੰਜਾਬ ਦੀਆਂ 13 ਸੀਟਾਂ 'ਤੇ ਸੱਤਵੇਂ ਅਤੇ ਆਖਰੀ ਪੜਾਅ ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਚੋਣ ਮੈਦਾਨ ਵਿੱਚ ਇਕੱਲਿਆਂ ਖੜ੍ਹੀ ਹੋਈ ਹੈ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਤੋਂ ਬਾਅਦ ਅਕਾਲੀ ਦਲ ਨੇ ਐਨਡੀਏ ਨਾਲੋਂ ਨਾਤਾ ਤੋੜ ਲਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੋਵੇਂ ਹੀ ਏਕਲਾ ਚੱਲੋ ਦੇ ਰਾਹ 'ਤੇ ਹਨ। ਬਠਿੰਡਾ ਸੀਟ 'ਤੇ ਅਕਾਲੀ ਦਲ ਨੇ ਬਾਦਲ ਪਰਿਵਾਰ ਦੀ ਨੂੰਹ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ 'ਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਸੂਬੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਵੱਖ-ਵੱਖ ਚੋਣਾਂ ਲੜ ਰਹੀਆਂ ਹਨ।
ਪੰਜਾਬ 'ਚ 1 ਜੂਨ ਨੂੰ ਪੈਣਗੀਆਂ ਵੋਟਾਂ
ਪੰਜਾਬ ਵਿੱਚ ਕੁੱਲ 13 ਲੋਕ ਸਭਾ ਸੀਟਾਂ ਹਨ। ਇਨ੍ਹਾਂ ਸਾਰੀਆਂ ਸੀਟਾਂ 'ਤੇ ਆਖਰੀ ਪੜਾਅ 'ਚ 1 ਜੂਨ ਨੂੰ ਵੋਟਿੰਗ ਹੋਵੇਗੀ। ਸੂਬੇ ਦੀਆਂ ਸਾਰੀਆਂ ਸੀਟਾਂ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ 328 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਸੂਬੇ ਦੀਆਂ ਜਿਨ੍ਹਾਂ 13 ਸੀਟਾਂ 'ਤੇ ਆਖਰੀ ਪੜਾਅ 'ਚ ਵੋਟਿੰਗ ਹੋਵੇਗੀ, ਉਨ੍ਹਾਂ 'ਚ ਅੰਮ੍ਰਿਤਸਰ, ਗੁਰਦਾਸਪੁਰ, ਖਡੂਰ ਸਾਹਿਬ ਅਤੇ ਜਲੰਧਰ ਲੋਕ ਸਭਾ ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਪਟਿਆਲਾ, ਸੰਗਰੂਰ ਸੀਟ ਅਤੇ ਬਠਿੰਡਾ ਲੋਕ ਸਭਾ ਸੀਟ 'ਤੇ ਵੋਟਾਂ ਪੈਣਗੀਆਂ।
ਇਹ ਵੀ ਪੜ੍ਹੋ: Punjab Politics: ਮਜੀਠੇ ਵਾਲਿਓ, ਹਰ ਸਾਲ ਤਾਂ ਦਰਖ਼ਤ ਵੀ ਪੱਤੇ ਬਦਲ ਲੈਂਦੇ ਨੇ, ਐਤਕੀਂ ਤਾਂ ਬਦਲ ਲਓ, ਮਿੰਨਤ ਆਲੀ ਗੱਲ ਐ-ਭਗਵੰਤ ਮਾਨ