Agniveer Scheme: ਅਸਲੀ ਰੰਗ ਵਿਖਾਉਣ ਲੱਗੀ ਅਗਨੀਵੀਰ ਸਕੀਮ! ਛੁੱਟੀ 'ਤੇ ਆਏ ਜਵਾਨ ਨੇ ਯੂਪੀ ਤੋਂ ਅਸਲਾ ਲਿਆ ਕੇ ਕੀਤਾ ਵੱਡਾ ਕਾਂਡ
Mohali News: ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀਰ ਸਕੀਮ ਰੰਗ ਵਿਖਾਉਣ ਲੱਗੀ ਹੈ। ਪੰਜਾਬ 'ਚ ਛੁੱਟੀ ਉਪਰ ਆਏ ਅਗਨੀਵੀਰ ਨੇ ਵੱਡਾ ਕਾਂਡ ਕੀਤਾ ਹੈ।
Mohali News: ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀਰ ਸਕੀਮ ਰੰਗ ਵਿਖਾਉਣ ਲੱਗੀ ਹੈ। ਪੰਜਾਬ 'ਚ ਛੁੱਟੀ ਉਪਰ ਆਏ ਅਗਨੀਵੀਰ ਨੇ ਵੱਡਾ ਕਾਂਡ ਕੀਤਾ ਹੈ। ਉਸ ਨੇ ਆਪਣੇ ਭਰਾ ਤੇ ਦੋਸਤ ਨਾਲ ਮਿਲ ਕੇ ਕਈ ਅਜਿਹੇ ਕਾਰੇ ਕੀਤੇ ਕਿ ਪੁਲਿਸ ਦੇ ਵੀ ਹੋਸ਼ ਉੱਡ ਗਏ। ਉਸ ਨੇ ਯੂਪੀ ਤੋਂ ਹਥਿਆਰ ਲਿਆਂਦੇ ਤੇ ਆਪਣਾ ਗਰੋਹ ਬਣਾ ਲਿਆ। ਉਸ ਨੇ ਆਪਣੇ ਗਰੋਹ ਨਾਲ ਕਈ ਚੋਰੀਆਂ ਨੂੰ ਅੰਜਾਮ ਦਿੱਤਾ। ਉਹ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚਦੇ ਸਨ।
ਦਰਅਸਲ ਇਹ ਮਾਮਲਾ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਹੈ ਕਿਉਂਕਿ ਮੋਦੀ ਸਰਕਾਰ ਦੀ ਅਗਨੀਵੀਰ ਸਕੀਮ ਦਾ ਵਿਰੋਧ ਕਰਨ ਵਾਲਿਆਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਫੌਜੀ ਟ੍ਰੇਨਿੰਗ ਲੈਣ ਮਗਰੋਂ ਇਹ ਨੌਜਵਾਨ ਰੁਜਗਾਰ ਨਾ ਹੋਣ ਕਰਕੇ ਗਲਤ ਰਾਹ ਅਪਣਾ ਸਕਦੇ ਹਨ। ਹੁਣ ਅਜਿਹੇ ਮਾਮਲੇ ਸਾਹਮਣੇ ਆਉਣ ਮਗਰੋਂ ਅਗਨੀਵੀਰ ਸਕੀਮ ਉਪਰ ਹੋਰ ਸਵਾਲ ਖੜ੍ਹੇ ਹੋ ਗਏ ਹਨ।
ਹਾਸਲ ਜਾਣਕਕਾਰੀ ਮੁਤਾਬਕ ਅਗਨੀਵੀਰ ਨੇ ਛੁੱਟੀ 'ਤੇ ਘਰ ਆਉਣ ਪਹਿਲਾਂ ਹਥਿਆਰ ਖਰੀਦੇ ਸਨ। ਛੁੱਟੀ ਮਿਲਣ ਤੋਂ ਬਾਅਦ ਉਹ ਫੌਜ ਵਿੱਚ ਵਾਪਸ ਨਹੀਂ ਗਿਆ। ਹੁਣ ਮੁਹਾਲੀ ਪੁਲਿਸ ਨੇ ਅਗਨੀਵੀਰ, ਉਸ ਦੇ ਭਰਾ ਤੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਗਨੀਵੀਰ ਇਸ਼ਮੀਤ ਸਿੰਘ, ਉਸ ਦੇ ਭਰਾ ਪ੍ਰਭਪ੍ਰੀਤ ਤੇ ਦੋਸਤ ਬਲਕਾਰ ਸਿੰਘ ਵਜੋਂ ਹੋਈ ਹੈ। ਤਿੰਨੇ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਡਿਜ਼ਾਇਰ ਟੈਕਸੀ, ਐਕਟਿਵਾ ਸਕੂਟੀ, ਬੁਲੇਟ ਮੋਟਰਸਾਈਕਲ, ਦੇਸੀ ਪਿਸਤੌਲ ਤੇ ਫ਼ੋਨ ਬਰਾਮਦ ਕੀਤੇ ਹਨ।
ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁੱਖ ਮੁਲਜ਼ਮ ਇਸ਼ਮੀਤ ਸਿੰਘ ਅਗਨੀਵੀਰ ਸਕੀਮ ਤਹਿਤ 2022 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ। ਉਹ ਦੋ ਮਹੀਨੇ ਪਹਿਲਾਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਘਰ ਆਇਆ ਸੀ। ਪੱਛਮੀ ਬੰਗਾਲ ਤੋਂ ਆ ਕੇ ਉਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਾਜਾਇਜ਼ ਹਥਿਆਰ ਖਰੀਦੇ। ਇਸ ਤੋਂ ਬਾਅਦ ਉਸ ਨੇ ਆਪਣੇ ਭਰਾ ਤੇ ਦੋਸਤ ਨਾਲ ਮਿਲ ਕੇ ਇਨ੍ਹਾਂ ਹਥਿਆਰਾਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਮੁਹਾਲੀ ਜ਼ਿਲ੍ਹੇ ਦੇ ਬਿਲੌਂਗੀ ਇਲਾਕੇ ਵਿੱਚ 2 ਮਹੀਨਿਆਂ ਤੋਂ ਕਿਰਾਏ ’ਤੇ ਕਮਰਾ ਲਿਆ ਹੋਇਆ ਸੀ।
ਤਿੰਨੇ ਮੁਲਜ਼ਮ ਫਾਜ਼ਿਲਕਾ ਤੋਂ ਮੁਹਾਲੀ ਆ ਕੇ ਹੀ ਵਾਹਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਉਹ ਫਾਜ਼ਿਲਕਾ ਤੋਂ ਬੱਸ ਜਾਂ ਰੇਲ ਗੱਡੀ ਰਾਹੀਂ ਸ਼ਾਮ ਨੂੰ ਮੁਹਾਲੀ ਪਹੁੰਚ ਜਾਂਦੇ ਸੀ ਤੇ ਆਪਣੇ ਕਮਰੇ ਵਿੱਚ ਠਹਿਰਦੇ ਸੀ। ਦੇਰ ਰਾਤ ਇਹ ਗੱਡੀ ਚੋਰੀ ਕਰਨ ਤੋਂ ਬਾਅਦ ਉਸੇ ਗੱਡੀ ਵਿੱਚ ਫਾਜ਼ਿਲਕਾ ਚਲੇ ਜਾਂਦੇ ਸਨ। ਉਨ੍ਹਾਂ ਨੇ ਮੋਹਾਲੀ 'ਚ 3 ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਿਸ ਨੂੰ ਸੁਰਾਗ ਮਿਲੇ ਹਨ ਕਿ ਇਨ੍ਹਾਂ ਨੇ 3 ਹੋਰ ਅਪਰਾਧ ਕੀਤੇ ਹਨ। ਇਨ੍ਹਾਂ ਨੇ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚ ਦਿੱਤੇ ਹਨ। ਇਸ਼ਮੀਤ ਸਿੰਘ ਫੌਜ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਇੰਨਾ ਸ਼ਾਤਿਰ ਹੋ ਗਿਆ ਸੀ ਕਿ ਉਹ ਕਾਗਜ਼ਾਂ ਨਾਲ ਵੀ ਛੇੜਛਾੜ ਕਰਨਾ ਸਿੱਖ ਗਿਆ।
ਮੁਹਾਲੀ ਪੁਲਿਸ ਦੇ ਸੀਆਈਏ ਸਟਾਫ਼ ਨੂੰ 23 ਜੁਲਾਈ ਨੂੰ ਸੂਚਨਾ ਮਿਲੀ ਸੀ ਕਿ ਸਦਰ ਕੁਰਾਲੀ ਥਾਣਾ ਖੇਤਰ ਵਿੱਚ ਕੁਝ ਸ਼ਰਾਰਤੀ ਅਨਸਰ ਘੁੰਮ ਰਹੇ ਹਨ। ਉਹ ਕੋਈ ਅਪਰਾਧ ਕਰ ਸਕਦੇ ਹਨ। ਇਸ ’ਤੇ ਮੁਹਾਲੀ ਪੁਲਿਸ ਦੇ ਸੀਆਈਏ ਸਟਾਫ਼ ਨੇ ਨਾਕਾਬੰਦੀ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 20 ਤੇ 21 ਜੁਲਾਈ ਦੀ ਰਾਤ ਨੂੰ ਮੁਹਾਲੀ ਦੇ ਚੱਪੜਚਿੜੀ ਵਿਖੇ ਡਿਜ਼ਾਇਰ ਟੈਕਸੀ ਕਾਰ ਚੋਰੀ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ। ਇਸ ਖ਼ਿਲਾਫ਼ ਮੁਹਾਲੀ ਵਿੱਚ ਪਹਿਲਾਂ ਵੀ ਕੇਸ ਦਰਜ ਹੈ।