'ਮੈਂ ਪਹਿਲੇ ਦਿਨੋਂ ਕਹਿ ਰਿਹਾਂ ਲਾਂਘੇ ਪਿੱਛੇ ਪਾਕਿਸਤਾਨ ਦਾ ਏਜੰਡਾ', ਭਿੰਡਰਾਂਵਾਲੇ ਦੀ ਤਸਵੀਰ ਬਾਰੇ ਬੋਲੇ ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਬਾਰੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਨੇ ਕਿਹਾ ਹੈ ਕਿ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਕਿ ਕਰਤਾਰਪੁਰ ਲਾਂਘੇ ਪਿੱਛੇ ਪਾਕਿਸਤਾਨ ਦਾ ਏਜੰਡਾ ਛੁਪਿਆ ਹੋਇਆ ਹੈ।
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਬਾਰੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਨੇ ਕਿਹਾ ਹੈ ਕਿ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਕਿ ਕਰਤਾਰਪੁਰ ਲਾਂਘੇ ਪਿੱਛੇ ਪਾਕਿਸਤਾਨ ਦਾ ਏਜੰਡਾ ਛੁਪਿਆ ਹੋਇਆ ਹੈ। ਅਮਰਿੰਦਰ ਸਿੰਘ ਨੇ ਇਹ ਗੱਲ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਵੀਡੀਓ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪੇਸ਼ਕਾਰੀ ਉੱਤੇ ਇੱਕ ਸਵਾਲ ਦੇ ਜਵਾਬ ਵਿੱਚ ਕਹੀ।
ਅਮਰਿੰਦਰ ਸਿੰਘ ਨੇ ਸਿੱਖ ਕੌਮ ਦੀ 70 ਸਾਲ ਪੁਰਾਣੀ ਮੰਗ ਨੂੰ ਪਾਕਿਸਤਾਨ ਵੱਲੋਂ ‘ਅਚਾਨਕ’ ਮੰਨਣ ਦੇ ਉਸ ਦੇ ਇਰਾਦੇ ‘ਤੇ ਸਵਾਲ ਚੁੱਕੇ ਹਨ। ਅਮਰਿੰਦਰ ਸਿੰਘ ਨੇ ਕਿਹਾ ਹੈ, 'ਮੈਂ ਪਹਿਲੇ ਦਿਨ ਤੋਂ ਹੀ ਚੇਤਾਵਨੀ ਦਿੰਦਾ ਆਇਆ ਹਾਂ ਕਿ ਇਸ ਦੇ ਪਿੱਛੇ ਪਾਕਿਸਤਾਨ ਦਾ ਲੁਕਿਆ ਹੋਇਆ ਏਜੰਡਾ ਹੈ।'
ਪਾਕਿਸਤਾਨ ਸਰਕਾਰ ਦੇ ਜਿਸ ਗੀਤ ਦਾ ਵਿਵਾਦ ਹੋ ਰਿਹਾ ਹੈ, ਉਹ ਉਸ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਸਿੱਖ ਸੰਗਤਾਂ ਦੇ ਸਵਾਗਤ ਲਈ ਜਾਰੀ ਕੀਤਾ ਹੈ। ਪਾਕਿਸਤਾਨ ਦੇ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਗਾਣੇ ਵਿੱਚ ਇੱਕ ਜਗ੍ਹਾ ਉੱਤੇ ਪੋਸਟਰ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਦਿਖਾਈ ਦੇ ਰਹੀ ਹੈ। ਗਾਣੇ ਵਿੱਚ ਖਾਲਿਸਤਾਨ ਦੇ ਹਮਾਇਤੀ ਮੇਜਰ ਜਨਰਲ ਸ਼ਬੇਗ ਸਿੰਘ ਤੇ ਅਮਰੀਕ ਸਿੰਘ ਖਾਲਸਾ ਵੀ ਨਜ਼ਰ ਆ ਰਹੇ ਹਨ। ਇਸ ਨੂੰ ਕਰਤਾਪੁਰ ਲਾਂਘੇ ਦਾ ਥੀਮ ਸੌਂਗ ਦੱਸਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ 'ਤੇ ਹਫਤਾ ਭਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅਮਰਿੰਦਰ ਸਿੰਘ ਨੇ ਸਿੱਖ ਧਰਮ ਮੰਨਣ ਵਾਲਿਆਂ ਨੂੰ ਪਾਕਿਸਤਾਨ ਦੇ ਕਰਤਾਰਪੁਰ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸਕ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਉਨ੍ਹਾਂ ਦਾ ਸੁਪਨਾ ਇਸ ਹਫ਼ਤੇ ਪੂਰਾ ਹੋ ਜਾਵੇਗਾ।