Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
ਪਹਿਲਾਂ ਹਰਿਆਣਾ ਅਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਮਿਲੀ ਨਾਕਾਮੀ ਤੋਂ ਬਾਅਦ, ਪੰਜਾਬ ਕਾਂਗਰਸ ਨੇ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ 'ਚ ਰਣਨੀਤੀ ਤਿਆਰ ਕੀਤੀ। ਭੂਪੇਸ਼ ਬਘੇਲ ਨੇ 5 ਘੰਟਿਆਂ ਤਕ ਪੰਜਾਬ ਦੇ ਸੀਨੀਅਰ ਆਗੂਆਂ

Punjab Assembly Elections 2027: ਪਹਿਲਾਂ ਹਰਿਆਣਾ ਅਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਮਿਲੀ ਨਾਕਾਮੀ ਤੋਂ ਬਾਅਦ, ਪੰਜਾਬ ਕਾਂਗਰਸ ਨੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ 'ਚ ਰਣਨੀਤੀ ਤਿਆਰ ਕੀਤੀ। ਮਿਸ਼ਨ-2027 ਲਈ ਪਾਰਟੀ ਦੇ ਨਵੇਂ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਪੰਜ ਘੰਟੇ ਤਕ ਮੀਟਿੰਗ ਹੋਈ।
ਪਾਰਟੀ ਦੇ ਵਿੱਚ ਡੂੰਘਾਈ ਨਾਲ ਹੋਇਆ ਮੰਥਨ
ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮਜ਼ਬੂਤ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਭੂਪੇਸ਼ ਬਘੇਲ ਵੱਲੋਂ ਪਾਰਟੀ ’ਚ ਵਧਦੀ ਧੜੇਬੰਦੀ, ਆਗੂਆਂ ਵੱਲੋਂ ਇਕ-ਦੂਜੇ ਖਿਲਾਫ਼ ਮੀਡੀਆ ’ਚ ਬਿਆਨਬਾਜ਼ੀ, ਪਾਰਟੀ ਅਨੁਸ਼ਾਸਨ ਖਿਲਾਫ਼ ਜਾਣ, ਪਾਰਟੀ ਨੂੰ ਇਕਜੁੱਟ ਕਰਨ, ਆਉਣ ਵਾਲੀਆਂ ਚੋਣਾਂ ਵਰਗੇ ਅਹਿਮ ਪਹਿਲੂਆਂ ’ਤੇ ਡੂੰਘਾਈ ਨਾਲ ਮੰਥਨ ਹੋਇਆ। ਉਨ੍ਹਾਂ ਮੰਨਿਆ ਕਿ ਪੰਜਾਬ ਕਾਂਗਰਸ ’ਚ ਇਸ ਸਮੇਂ ਧੜੇਬੰਦੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਦਾ ਹੱਲ ਨਾ ਹੋਇਆ ਤਾਂ ਮਿਸ਼ਨ 2027 ਫਤਿਹ ਕਰਨ ਦਾ ਮਿਸ਼ਨ ਸਫਲ ਨਹੀਂ ਹੋ ਸਕਦਾ ਹੈ।
ਮੁੜ ਹੋਏਗੀ ਇੱਕ ਹੋਰ ਅਹਿਮ ਮੀਟਿੰਗ
ਭੂਪੇਸ਼ ਬਘੇਲ ਨੇ ਐਲਾਨ ਕੀਤਾ ਕਿ 18 ਮਾਰਚ ਨੂੰ ਵਿਧਾਇਕਾਂ ਦੀ ਖਾਸ ਮੀਟਿੰਗ ਹੋਵੇਗੀ, ਜਿੱਥੇ ਚੋਣ ਮੁਹਿੰਮ 'ਤੇ ਅੱਗੇ ਦੀ ਰਣਨੀਤੀ ਤਿਆਰ ਹੋਵੇਗੀ। ਅਪ੍ਰੈਲ ’ਚ ਵੀ ਲਗਾਤਾਰ ਬੈਠਕਾਂ ਹੋਣਗੀਆਂ, ਜਿੱਥੇ ਹਰ ਆਗੂ ਨੂੰ ਖਾਸ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। 13 ’ਚੋਂ 7 ਸੀਟਾਂ ਜਿੱਤਣ ਤੋਂ ਬਾਅਦ ਹੁਣ ਪਾਰਟੀ 2027 ਦੀ ਤਿਆਰੀ ’ਚ ਲੱਗ ਗਈ ਹੈ।
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਰਾਣਾ ਕੇ. ਪੀ. ਸਿੰਘ, ਅਰੁਣਾ ਚੌਧਰੀ, ਡਾ. ਅਮਰ ਸਿੰਘ, ਸ਼ਮਸ਼ੇਰ ਸਿੰਘ ਦੂਲੋਂ, ਰਾਜਿੰਦਰ ਕੌਰ ਭੱਠਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮੁਹੰਮਦ ਸਦੀਕ, ਵਿਜੈਇੰਦਰ ਸਿੰਗਲਾ, ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ, ਸੰਦੀਪ ਸਿੰਘ ਸੰਧੂ ਤੇ ਹੋਰ ਆਗੂ ਮੌਜੂਦ ਸਨ।
ਪਿਛਲੇ ਕੁਝ ਸਮੇਂ ਤੋਂ ਪਾਰਟੀ ’ਚ ਸਾਈਡ ਲਾਈਨ ਕਰੇ ਹੋਏ ਸ਼ਮਸ਼ੇਰ ਸਿੰਘ ਦੂਲੋਂ ਤੇ ਰਾਜਿੰਦਰ ਕੌਰ ਭੱਠਲ ਵਰਗੇ ਆਗੂਆਂ ਨੂੰ ਇਸ ਬੈਠਕ ’ਚ ਬੁਲਾਇਆ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ ’ਚ ਇਨ੍ਹਾਂ ਨੂੰ ਮੁੜ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਾਰਟੀ ਨੂੰ ਹੁਣ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਹੈ ਕਿ ਜੇ ਜਿੱਤ ਹਾਸਲ ਕਰਨੀ ਹੈ ਤਾਂ ਨਵਿਆਂ ਦੇ ਨਾਲ-ਨਾਲ ਟਕਸਾਲੀ ਕਾਂਗਰਸੀਆਂ ਨੂੰ ਵੀ ਨਾਲ ਤੋਰਨਾ ਬਹੁਤ ਜ਼ਰੂਰੀ ਹੈ।
ਇਸ ਲਈ ਹੁਣ ਪੰਜਾਬ ’ਚ ਕਾਂਗਰਸ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਤਿਆਰੀ ’ਚ ਹੈ। ਚਰਨਜੀਤ ਸਿੰਘ ਚੰਨੀ ਮਗਰੋਂ ਹੁਣ ਸ਼ਮਸ਼ੇਰ ਸਿੰਘ ਦੂਲੋਂ ਨੂੰ ਵੀ ਦਲਿਤ ਆਗੂ ਵਜੋਂ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਹੈ। ਭੂਪੇਸ਼ ਬਘੇਲ ਨੇ ਆਗੂਆਂ ਨੂੰ ਸਪੱਸ਼ਟ ਕਿਹਾ ਕਿ ਕੋਈ ਵੀ ਇਕ-ਦੂਜੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰੇਗਾ। ਜੇ ਕਿਸੇ ਨੇ ਕੋਈ ਗੱਲ ਰੱਖਣੀ ਹੈ ਤਾਂ ਉਹ ਸਿਰਫ਼ ਪਾਰਟੀ ਪਲੇਫਾਰਮ ’ਤੇ ਆਪਣੀ ਗੱਲ ਰੱਖੇ। ਪਾਰਟੀ ’ਚ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।






















