Anandpur Sahib: ਸਹੁਰਾ ਪਰਿਵਾਰ ਨੇ ਕਾਇਮ ਕੀਤੀ ਮਿਸਾਲ, ਝੂਠੀਆਂ ਰੀਤੀ ਰਿਵਾਜ਼ਾਂ ਦੀ ਪਰਵਾਹ ਨਾ ਕਰਦਿਆਂ ਵਿਧਵਾ ਨੂੰਹ ਨੂੰ ਧੀ ਬਣਾ ਤੋਰੀ ਡੋਲੀ
Anandpur Sahib: ਇੱਕ ਸਹੁਰਾ ਪਰਿਵਾਰ ਵੱਲੋਂ ਅਜਿਹਾ ਕੁੱਝ ਕਰ ਦਿਖਾਇਆ ਹੈ, ਜਿਸ ਦੀ ਚਰਚਾ ਅਤੇ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ।
True Story of Anandpur Sahib: ਕਹਾਣੀਆਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਤੇ ਕਹਾਣੀਆਂ ਤੁਸੀਂ ਪਰਦੇ ਤੇ ਵੀ ਬਹੁਤ ਦੇਖੀਆਂ ਹੋਣਗੀਆਂ ਪ੍ਰੰਤੂ ਕੁਝ ਕਹਾਣੀਆਂ ਐਸੀਆਂ ਹੁੰਦੀਆਂ ਨੇ ਜੋ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀਆਂ ਹਨ ਤੇ ਭਵਿੱਖ ਦੇ ਲਈ ਬਹੁਤ ਕੁਝ ਸਿਖਾ ਕੇ ਜਾਂਦੀਆਂ ਹਨ। ਐਸੀ ਹੀ ਕਹਾਣੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਪਰਿਵਾਰ ਦੀ। ਜੀ ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਮਵਰ ਤੇ ਜਾਣੇ ਮਾਣੇ ਵਿਅਕਤੀ ਪ੍ਰਿਤਪਾਲ ਸਿੰਘ ਗੰਡਾ ਵੱਲੋਂ ਜਿਹੜਾ ਕਾਰਜ ਕੀਤਾ ਗਿਆ ਹੈ ਉਹ ਸਮਾਜ ਨੂੰ ਸੇਧ ਦੇਣ ਵਾਲਾ ਕਾਰਜ ਹੈ ਜਿਸ ਨੂੰ ਦੇਖ ਕੇ ਸੁਣ ਕੇ ਤੁਸੀਂ ਵੀ ਕਹੋਗੇ ਵਾਹ ਸਰਦਾਰ ਜੀ ਕਿਆ ਬਾਤ ਹੈ। ਉਨ੍ਹਾਂ ਵੱਲੋਂ ਆਪਣੀ ਵਿਧਵਾ ਨੂੰਹ ਨੂੰ ਧੀ ਬਣਾ ਕੇ ਉਸਦੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਲਈ ਇੱਕ ਚੰਗਾ ਵਰ ਲੱਭ ਕੇ ਉਸ ਲਈ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਗਿਆ ਹੈ।
ਦੱਸ ਦਈਏ ਪ੍ਰਿਤਪਾਲ ਸਿੰਘ ਗੰਡਾ ਦਾ ਨੌਜਵਾਨ ਪੁੱਤਰ 33 ਸਾਲ ਦੀ ਉਮਰ ਦੇ ਵਿੱਚ ਬਰੇਨ ਹੈਮਰੇਜ ਦੇ ਚਲਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ। ਜਿਸਦਾ ਉਨ੍ਹਾਂ ਨੇ ਬਹੁਤ ਹੀ ਚਾਵਾਂ ਦੇ ਨਾਲ ਵਿਆਹ ਕੀਤਾ ਸੀ। ਪਰ ਉਹ ਆਪਣੇ ਪਿੱਛੇ ਆਪਣੀ ਨੌਜਵਾਨ ਪਤਨੀ ਤੇ ਇੱਕ ਪੁੱਤਰ ਨੂੰ ਛੱਡ ਗਿਆ। ਸਚਮੁੱਚ ਪਰਿਵਾਰ ਦੇ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ, ਨੌਜਵਾਨ ਪੁੱਤਰ ਦਾ ਸਦਾ ਲਈ ਵਿਛੋੜਾ, ਜਵਾਨ ਨੂੰਹ ਦੀਆਂ ਅੱਖਾਂ ਵਿੱਚ ਹੰਝੂ ਤੇ ਪੋਤਰੇ ਦੇ ਬਚਪਨ ਵਿੱਚ ਆਪਣੇ ਪਿਤਾ ਨੂੰ ਖੋ ਜਾਣ ਦਾ ਦੁੱਖ ਪ੍ਰਿਤਪਾਲ ਸਿੰਘ ਗੰਡਾ ਨੂੰ ਅੰਦਰੋਂ ਅੰਦਰੀ ਖਾਂਦਾ ਜਾ ਰਿਹਾ ਸੀ।
ਪ੍ਰਿਤਪਾਲ ਸਿੰਘ ਗੰਢਾ ਨੇ ਸਮਾਜ ਦੀਆਂ ਝੂਠੀਆਂ ਰੀਤੀ ਰਸਮਾਂ ਦੀ ਪਰਵਾਹ ਨਾ ਕਰਦਿਆਂ, ਆਪਣੇ ਮਨ ਹੀ ਮਨ ਇੱਕ ਵਿਉਂਤ ਬਣਾਈ ਕਿ ਕਿਉਂ ਨਾ ਆਪਣੀ ਨੂੰਹ ਨੂੰ ਧੀ ਬਣਾ ਕੇ ਮੁੜ ਉਸ ਦਾ ਵਿਆਹ ਕਰਵਾਇਆ ਜਾਵੇ। ਤਾਂ ਜੋ ਉਸ ਨੂੰ ਉਸਦੀ ਪਹਾੜ ਜਿਹੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਦਾ ਮੌਕਾ ਦਿੱਤਾ ਜਾਵੇ। ਬਸ ਫੇਰ ਕੀ ਸੀ ਪ੍ਰਿਤਪਾਲ ਸਿੰਘ ਗੰਢਾ ਨੇ ਆਪਣੀ ਨੂੰਹ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਤੇ ਉਸਨੂੰ ਵਿਆਹ ਲਈ ਰਾਜ਼ੀ ਕਰ ਆਪਣੀ ਨੂੰਹ ਦੇ ਲਈ ਰਿਸ਼ਤੇ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਬਸ ਫੇਰ ਕੀ ਸੀ ਕੁਝ ਰਿਸ਼ਤੇ ਦੇਖਣ ਤੋਂ ਬਾਅਦ ਉਹਨਾਂ ਦੀ ਤਲਾਸ਼ ਪੂਰੀ ਹੋਈ ਤੇ ਉਹਨਾਂ ਨੂੰ ਇਕ ਢੁਕਮਾ ਰਿਸ਼ਤਾ ਮਿਲ ਗਿਆ। ਨੂੰਹ ਦੀ ਮੰਗਣੀ ਕਰਨ ਤੋਂ ਬਾਅਦ ਪ੍ਰਿਤਪਾਲ ਸਿੰਘ ਗੰਡਾ ਵੱਲੋਂ ਪੂਰੀ ਗੁਰ ਮਰਿਆਦਾ ਅਨੁਸਾਰ ਨੂੰਹ ਨੂੰ ਆਪਣੀ ਧੀ ਬਣਾ ਕੇ ਆਪਣੇ ਘਰ ਤੋਂ ਅਲਵਿਦਾ ਕੀਤਾ ਗਿਆ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਸ ਦਾ ਪੱਲਾ ਉਸ ਦੇ ਨਵੇਂ ਪਤੀ ਦੇ ਹੱਥ ਫੜਾਇਆ ਗਿਆ।
ਇਸ ਲਈ ਵੀ ਕਿਸੇ ਸਖ਼ਸ਼ ਦਾ ਵੱਡਾ ਦਿਲ ਚਾਹੀਦਾ ਹੈ, ਜੋਕਿ ਦੂਜਿਆਂ ਦੀ ਖੁਸ਼ੀਆਂ ਬਾਰੇ ਸੋਚੇ। ਪਰ ਪ੍ਰਿਤਪਾਲ ਸਿੰਘ ਗੰਡਾ ਵੱਲੋਂ ਜੋ ਕਾਜ ਕੀਤਾ ਗਿਆ ਹੈ ਉਹ ਸੱਚਮੁੱਚ ਸ਼ਲਾਘਾ ਯੋਗ ਹੈ। ਬੇਸ਼ੱਕ ਦੇਖਣ ਤੇ ਸੁਣਨ ਦੇ ਲਈ ਇਹ ਗੱਲ ਛੋਟੀ ਲੱਗਦੀ ਹੋਵੇ ਪ੍ਰੰਤੂ ਅਜੋਕੇ ਪਦਾਰਥਵਾਦੀ ਯੁੱਗ ਦੇ ਵਿੱਚ ਹਰ ਕੋਈ ਆਪਣੇ ਸਵਾਰਥ ਤੇ ਨਿੱਜੀ ਹਿੱਤਾਂ ਦੇ ਲਈ ਛੋਟੀਆਂ ਛੋਟੀਆਂ ਚੀਜ਼ਾਂ ਤੇ ਇੱਕ ਅਧਿਕਾਰ ਰੱਖਣਾ ਚਾਹੁੰਦਾ ਹੈ ਪ੍ਰੰਤੂ ਪ੍ਰਿਤਪਾਲ ਸਿੰਘ ਗੰਡਾ ਵੱਲੋਂ ਕੀਤਾ ਗਿਆ ਕਾਰਜ ਸੱਚਮੁੱਚ ਸਮਾਜ ਲਈ ਸੇਧ ਦੇਣ ਵਾਲਾ ਕਾਰਜ ਹੈ ਤੇ ਸਾਨੂੰ ਉਹਨਾਂ ਵੱਲੋਂ ਕੀਤੇ ਗਏ ਕੰਮ ਤੋਂ ਸੇਧ ਲੈਣੀ ਚਾਹੀਦੀ ਹੈ। ਤੇ ਜੇਕਰ ਸਾਡੇ ਆਸ ਪਾਸ ਜਾ ਸਾਡੇ ਕਿਸੇ ਪਰਿਵਾਰਿਕ ਮੈਂਬਰ ਦੇ ਨਾਲ ਅਜਿਹਾ ਕੁੱਝ ਹੋਇਆ ਹੋਵੇ ਤਾਂ ਸਾਨੂੰ ਵੀ ਪਹਿਲ ਕਦਮੀ ਕਰਦਿਆਂ ਉਸ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਦੇ ਲਈ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਸਮਾਜ ਸੋਹਣਾ ਤੇ ਸੁਚੱਜਾ ਸਮਾਜ ਬਣ ਸਕੇ।