Farmers Protest: ਮੌਤ ਮਗਰੋਂ ਵੀ ਸੜਕਾਂ 'ਤੇ ਰੁਲ ਰਿਹਾ ਅੰਨਦਾਤਾ! SSP ਦਫਤਰ ਦਾ ਘਿਰਾਓ
Fazilka News:ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੇ ਜਵਾਈ ਬਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਕੁਲਵੰਤ ਸਿੰਘ ਪਿੰਡ ਜੋਧਪੁਰ ਦਾ ਰਹਿਣ ਵਾਲਾ ਸੀ। ਉਸ ਦੀ ਜ਼ਮੀਨ ਉਪਰ ਕਰਕੇ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ।
Farmers Protest: ਫਾਜ਼ਿਲਕਾ ਦੇ ਪਿੰਡ ਜੋਧਪੁਰ ਦੇ ਕਿਸਾਨ ਕੁਲਵੰਤ ਸਿੰਘ ਨੇ ਕਰੀਬ 6 ਦਿਨ ਪਹਿਲਾਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਬਾਰੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਮ੍ਰਿਤਕ ਕਿਸਾਨ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਕਾਰਨ ਹੀ ਉਸ ਨੇ ਘਰ 'ਚ ਰੱਖਿਆ ਜ਼ਹਿਰੀਲਾ ਪਦਾਰਥ ਨਿਗਲ ਲਿਆ। ਹਾਲਾਂਕਿ ਇਸ ਮਾਮਲੇ 'ਚ ਪੁਲਿਸ (Police) ਨੇ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਅੱਜ ਗੁੱਸੇ 'ਚ ਆਏ ਲੋਕਾਂ ਨੇ ਫਾਜ਼ਿਲਕਾ ਦੇ ਐਸਐਸਪੀ ਦਫ਼ਤਰ (SSP Office) ਦੇ ਮੁੱਖ ਗੇਟ ’ਤੇ ਜਾਮ ਲਾ ਕੇ ਧਰਨਾ ਦੇ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੇ ਜਵਾਈ ਬਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਕੁਲਵੰਤ ਸਿੰਘ ਪਿੰਡ ਜੋਧਪੁਰ ਦਾ ਰਹਿਣ ਵਾਲਾ ਸੀ। ਉਸ ਦੀ ਜ਼ਮੀਨ ਉਪਰ ਕਰਕੇ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ। ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੀ 6 ਕਨਾਲ ਜ਼ਮੀਨ 'ਤੇ ਕੁਝ ਲੋਕਾਂ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ। ਇਸ ਦਾ ਵਿਰੋਧ ਕਰਨ 'ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।
ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਸ ਮਗਰੋਂ ਉਸ ਨੂੰ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ।
ਇਸ ਜਿਸ ਕਾਰਨ ਮ੍ਰਿਤਕ ਕਿਸਾਨ ਦਾ ਸਸਕਾਰ ਨਹੀਂ ਕੀਤਾ ਗਿਆ। ਅਜੇ ਮ੍ਰਿਤਕ ਸਰੀਰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਪਿਆ ਹੈ। ਇਸ ਬਾਰੇ ਕੋਈ ਸੁਣਵਾਈ ਨਾ ਹੋਣ 'ਤੇ ਐਸਐਸਪੀ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ, ਉਦੋਂ ਤੱਕ ਉਹ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਐਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਬੂਟਾ ਸਿੰਘ, ਹਰਸੰਗੀਤ ਸਿੰਘ, ਸੁਖਰਾਮ, ਕੁਲਵੰਤ ਸਿੰਘ ਉਰਫ਼ ਕੰਤਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਬੂਤ ਮਿਲਣਗੇ, ਉਸ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।