Weather Update: ਕਿਸਾਨਾਂ ਲਈ ਬੁਰੀ ਖਬਰ! ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਧੂੰਏਂ ਤੋਂ ਮਿਲੇਗੀ ਰਾਹਤ
ਕਿਸਾਨਾਂ ਲਈ ਬੁਰੀ ਖਬਰ ਹੈ। ਕੱਲ੍ਹ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋ ਸਕਦੀ ਹੈ। ਬੇਸ਼ੱਕ ਇਸ ਬਾਰਸ਼ ਨਾਲ ਧੂੰਏਂ ਤੋਂ ਰਾਹਤ ਮਿਲੇਗੀ ਪਰ ਕਣਕ ਦੀ ਬਿਜਾਈ ਤੇ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਲਈ ਇਹ ਨੁਕਸਾਨਦਾਇਕ ਹੋ ਸਕਦੀ ਹੈ।
Weather Update: ਕਿਸਾਨਾਂ ਲਈ ਬੁਰੀ ਖਬਰ ਹੈ। ਕੱਲ੍ਹ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋ ਸਕਦੀ ਹੈ। ਬੇਸ਼ੱਕ ਇਸ ਬਾਰਸ਼ ਨਾਲ ਧੂੰਏਂ ਤੋਂ ਰਾਹਤ ਮਿਲੇਗੀ ਪਰ ਕਣਕ ਦੀ ਬਿਜਾਈ ਤੇ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਲਈ ਇਹ ਨੁਕਸਾਨਦਾਇਕ ਹੋ ਸਕਦੀ ਹੈ। ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਂਝ, ਮੌਸਮ ਵਿਭਾਗ ਦਾ ਅੰਦਾਜਾ ਹੈ ਕਿ ਇਹ ਬਾਰਸ਼ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ ਵਿੱਚ ਹੀ ਹੋਏਗੀ।
ਦਰਅਸਲ ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲਿਆ ਵਿੱਚ ਰਾਤ ਤੋਂ ਹੀ ਵੈਸਟਰਨ ਡਿਸਟਰਬੈਂਸ (WD) ਸਰਗਰਮ ਹੋ ਗਿਆ ਹੈ। ਇਸ ਦਾ ਅਸਰ ਪਹਾੜਾਂ 'ਤੇ ਦੇਖਣ ਨੂੰ ਮਿਲੇਗਾ। ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ 'ਚ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਹੀ ਵੈਸਟਰਨ ਡਿਸਟਰਬੈਂਸ 15 ਨਵੰਬਰ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਮੌਸਮ ਵਿਭਾਗ ਨੇ ਇਸ ਦਿਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਗਿਆਨ ਕੇਂਦਰ (ਆਈਐਮਡੀ) ਅਨੁਸਾਰ ਪੰਜਾਬ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਤੇ ਚੰਡੀਗੜ੍ਹ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 'ਚ ਵੀ ਕਰੀਬ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਹ ਅਜੇ ਵੀ ਆਮ ਨਾਲੋਂ ਲਗਪਗ 7 ਡਿਗਰੀ ਵੱਧ ਹੈ। ਪਹਾੜਾਂ 'ਤੇ ਬਰਫਬਾਰੀ ਦੇ ਨਾਲ-ਨਾਲ ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।
ਉਧਰ, ਚੰਡੀਗੜ੍ਹ ਤੇ ਪੰਜਾਬ 'ਚ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਦੋ ਸ਼ਹਿਰ ਅੰਮ੍ਰਿਤਸਰ ਤੇ ਮੰਡੀ ਗੋਬਿੰਦਗੜ੍ਹ ਰੈੱਡ ਜ਼ੋਨ ਵਿੱਚ ਆ ਗਏ ਹਨ। ਚੰਡੀਗੜ੍ਹ, ਪੰਜਾਬ ਵਿੱਚ ਔਸਤ AQI 418 ਤੇ ਵੱਧ ਤੋਂ ਵੱਧ 500 ਤੱਕ ਪਹੁੰਚ ਗਿਆ ਹੈ। ਜਦੋਂ ਕਿ ਸਭ ਤੋਂ ਵੱਧ ਔਸਤ AQI ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਇੱਥੇ AQI 326 ਸੀ, ਜਦੋਂਕਿ ਵੱਧ ਤੋਂ ਵੱਧ 425 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੰਡੀਗੋਬਿੰਦਗੜ੍ਹ ਵਿੱਚ ਔਸਤ AQI 303 ਤੇ ਵੱਧ ਤੋਂ ਵੱਧ 468 ਦਰਜ ਕੀਤਾ ਗਿਆ।