ਗੋਲੀਆਂ ਦੇ ਨਾਲ ਦਹਿਲਿਆ ਬਟਾਲਾ! ਫਿਰੌਤੀ ਨਾ ਦੇਣ ਕਰਕੇ ਬਦਮਾਸ਼ਾਂ ਨੇ ਸ਼ਰੇਆਮ ਦੁਕਾਨ ‘ਤੇ ਕੀਤੀ ਫਾਇਰਿੰਗ, ਦੁਕਾਨਦਾਰ ਨੇ ਕਿਹਾ- 30 ਲੱਖ ਰੁਪਏ ਦੇਣ ਦੀ ਡਿਮਾਂਡ...
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦਿਨ ਦਿਹਾੜੇ ਬਦਮਾਸ਼ਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨਦਾਰ ਤੋਂ ਫਿਰੌਤੀ ਦੇ ਵਿੱਚ 30 ਲੱਖ ਰੁਪਏ ਦੀ ਮੰਗ...

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਡੇਰਾ ਬਾਬਾ ਨਾਨਕ ਰੋਡ ‘ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ‘ਤੇ ਦਿਨ ਦਿਹਾੜੇ ਫਾਇਰਿੰਗ ਕੀਤੀ ਗਈ। ਇਹ ਘਟਨਾ ਭੀੜਭਾੜ ਵਾਲੇ ਇਲਾਕੇ ਵਿੱਚ ਵਾਪਰੀ, ਜਿਸ ਨਾਲ ਭਰੇ ਬਾਜ਼ਾਰ ਵਿੱਚ ਹਫੜਾ-ਦਫੜੀ ਮਚ ਗਈ। ਦੁਕਾਨ ‘ਤੇ ਹੋਈ ਫਾਇਰਿੰਗ ਦੀ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਜਿਸ ਕਰਿਆਨੇ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਗਈਆਂ, ਉਹ ਮਨੁ ਕੁਮਾਰ ਦੀ ਹੈ। ਉਸ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ ਉਸਦੇ ਕੋਲ ਫਿਰੌਤੀ ਲਈ ਕਾਲ ਆਈ ਸੀ। ਗੈਂਗਸਟਰ ਨੇ 30 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਰਕਮ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਮਨੁ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਉਸ ਨੇ ਬਟਾਲਾ ਦੇ ਐਸਪੀ ਕੋਲ ਸ਼ਿਕਾਇਤ ਵੀ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਮੰਗਵਾਲ ਵਾਲੇ ਦਿਨ ਡਰਾਉਣ ਲਈ ਗੈਂਗਸਟਰਾਂ ਵੱਲੋਂ ਦੁਕਾਨ ‘ਤੇ ਫਾਇਰਿੰਗ ਕੀਤੀ ਗਈ।
ਪੀੜਤ ਦੁਕਾਨਦਾਰ ਨੇ ਇਹ ਗੱਲਾਂ ਦੱਸੀਆਂ…
ਡੇਰਾ ਬਾਬਾ ਨਾਨਕ ਰੋਡ ਨਿਵਾਸੀ ਮਨੁ ਕੁਮਾਰ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਉਸ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਦੋਂ ਉਸ ਨੇ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ ਫੋਨ ਕਰਨ ਵਾਲਿਆਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਉਸਦੇ ਪਰਿਵਾਰ ਨੂੰ ਖਤਮ ਕਰਨ ਤੱਕ ਦੀ ਧਮਕੀ ਦਿੱਤੀ ਅਤੇ ਕਈ ਵਾਰ ਫੋਨ ਕਾਲਾਂ ਕੀਤੀਆਂ।
ਮਨੁ ਨੇ ਅੱਗੇ ਦੱਸਿਆ ਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਪਰਿਵਾਰ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ, ਇਸ ਲਈ ਉਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਐਸਪੀ ਬਟਾਲਾ ਦੇ ਦਫ਼ਤਰ ਜਾ ਕੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਵਧਾਉਣ ਦੀ ਅਪੀਲ ਕੀਤੀ, ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਦਿਨ ਦਿਹਾੜੇ ਫਾਇਰਿੰਗ ਚੇਤਾਵਨੀ ਸੀ
ਦੁਕਾਨਦਾਰ ਮਨੁ ਮੁਤਾਬਕ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਸੁਰੱਖਿਆ ਨਹੀਂ ਵਧਾਈ ਗਈ, ਇਸ ਕਰਕੇ 16 ਦਸੰਬਰ ਵਾਲੇ ਦਿਨ ਇੱਕ ਨੌਜਵਾਨ ਦਿਨ ਦਿਹਾੜੇ ਉਸਦੀ ਦੁਕਾਨ ‘ਤੇ ਫਾਇਰਿੰਗ ਕਰ ਕੇ ਫਰਾਰ ਹੋ ਗਿਆ। ਗੋਲੀ ਦੁਕਾਨ ਦੇ ਸ਼ਟਰ ‘ਤੇ ਲੱਗੀ। ਮਨੁ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਇਹ ਸਾਫ਼ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੀ ਵਾਰ ਗੋਲੀ ਸਿੱਧੀ ਸੀਨੇ ‘ਤੇ ਵੀ ਮਾਰੀ ਜਾ ਸਕਦੀ ਹੈ।
ਪੀੜਤ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਪਰ ਪੁਲਿਸ ਕੋਈ ਢੁੱਕਵਾਂ ਕਦਮ ਨਹੀਂ ਚੁੱਕ ਰਹੀ। ਜੇ ਹੁਣ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਅਤੇ ਸਾਡੀ ਸੁਰੱਖਿਆ ਨਾ ਵਧਾਈ ਗਈ, ਤਾਂ ਅਸੀਂ ਡੇਰਾ ਬਾਬਾ ਨਾਨਕ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵਾਂਗੇ।
ਸੀਸੀਟੀਵੀ ‘ਚ ਕੈਦ ਹੋਈ ਫਾਇਰਿੰਗ ਦੀ ਘਟਨਾ
ਬਾਜ਼ਾਰ ਵਿੱਚ ਦਿਨ ਦਿਹਾੜੇ ਹੋਈ ਫਾਇਰਿੰਗ ਦੀ ਘਟਨਾ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਬਾਜ਼ਾਰ ਵਿੱਚ ਲੋਕਾਂ ਦੀ ਆਵਾਜਾਈ ਜਾਰੀ ਹੈ ਅਤੇ ਇਲਾਕਾ ਭੀੜਭਾੜ ਵਾਲਾ ਹੈ। ਇਸੇ ਦੌਰਾਨ ਇੱਕ ਨੌਜਵਾਨ ਹੱਥ ਵਿੱਚ ਪਿਸਤੌਲ ਫੜ ਕੇ ਆਉਂਦਾ ਹੈ ਅਤੇ ਇੱਕ ਗੋਲੀ ਚਲਾ ਦਿੰਦਾ ਹੈ।
ਉਸ ਨੌਜਵਾਨ ਦੇ ਚਿਹਰੇ ‘ਤੇ ਨਕਾਬ ਸੀ ਅਤੇ ਉਹ ਇੰਨੀ ਤੇਜ਼ੀ ਨਾਲ ਫਾਇਰਿੰਗ ਕਰਕੇ ਭੱਜ ਗਿਆ ਕਿ ਕਿਸੇ ਨੂੰ ਉਸਦੀ ਪਛਾਣ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਲੋਕਾਂ ਨੇ ਫਾਇਰਿੰਗ ਦੀ ਆਵਾਜ਼ ਵੀ ਸੁਣੀ ਅਤੇ ਬਦਮਾਸ਼ ਨੂੰ ਭੱਜਦੇ ਹੋਏ ਵੇਖਿਆ।






















