ਸੁਖਬੀਰ ਬਾਦਲ ਖਿਲਾਫ ਦਿੱਲੀ ਦੇ ਨਾਲ ਹੀ ਪੰਜਾਬ 'ਚ ਵੀ ਬਗਾਵਤ, ਸੀਨੀਅਰ ਲੀਡਰ ਵੱਲੋਂ ਅਸਤੀਫਾ ਸੌਂਪ ਕੇ ਲਾਏ ਵੱਡੇ ਇਲਜ਼ਾਮ
ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਬਗਾਵਤ ਛਿੜ ਗਈ ਹੈ। ਪਾਰਟੀ ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ ਹੈ।
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਬਗਾਵਤ ਛਿੜ ਗਈ ਹੈ। ਪਾਰਟੀ ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ ਹੈ। ਬੁੱਧਵਾਰ ਨੂੰ ਇੱਕ ਪਾਸੇ ਦਿੱਲੀ ਵਿੱਚ ਅਕਾਲੀ ਦਲ ਖਿਲਾਫ ਬਗਵਾਤ ਸ਼ੁਰੂ ਹੋਈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮ) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੱਖਰੀ ਜਥੇਬੰਦੀ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਨ ਸਭਾ ਲਈ ਚੋਣ ਲੜਨ ਵਾਲੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ।
ਸਰੂਪ ਚੰਦ ਸਿੰਗਲਾ ਨੇ ਬਠਿੰਡਾ ਵਿੱਚ ਪ੍ਰੈੱਸ ਕਾਨਫ਼ਰੰਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮਿਲੇ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬਠਿੰਡਾ ਸ਼ਹਿਰੀ ਸੀਟ ’ਤੇ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕੀਤੀ ਗਈ ਹੈ। ਸਿੰਗਲਾ ਨੇ ਪੱਕੇ ਸਬੂਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਸੁਖਬੀਰ ਨੂੰ ਕਿਹਾ ਸੀ ਕਿ ਹਲਕੇ ਵਿੱਚ ਗੱਲ ਚੱਲੀ ਹੋਈ ਹੈ ਕਿ ਅਕਾਲੀ ਦਲ ਮਨਪ੍ਰੀਤ ਬਾਦਲ ਦੀ ਮਦਦ ਕਰ ਰਿਹਾ ਹੈ ਪਰ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਸ਼ਹਿਰੀ ਵੋਟਰਾਂ ਨੇ ਅਕਾਲੀ ਦਲ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਵੋਟਾਂ ਦਿੱਤੀਆਂ, ਜਿਸ ਕਾਰਨ ਉਹ ਚੋਣ ਹਾਰ ਗਏ। ਸਿੰਗਲਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਤੇ ਸ਼ਹਿਰੀ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਭਵਿੱਖ ਬਾਰੇ ਕੋਈ ਵੱਡਾ ਫ਼ੈਸਲਾ ਲੈਣਗੇ।
ਉਧਰ, ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਨਵਾਂ ਧਾਰਮਿਕ ਫਰੰਟ ਬਣਾਉਣ ਦੀ ਗੱਲ ਕੀਤੀ ਪਰ ਪਾਰਟੀ ਨੇ ਮੈਨੂੰ ਕੱਢ ਦਿੱਤਾ ਹੈ। ਮੈਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਮੁਖੀ ਦਾ ਅਹੁਦਾ ਛੱਡ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਜੋ ਕੰਮ ਚੱਲ ਰਿਹਾ ਸੀ, ਜੋ ਢੰਗ ਤਰੀਕੇ ਚੱਲ ਰਹੇ ਸਨ, ਮੈਂ ਉਸ ਨਾਲ ਸਹਿਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਸੰਗਤ ਨੂੰ ਪੁੱਛ ਕੇ ਨਵੀਂ ਪਾਰਟੀ ਬਣਾਈ ਜਾਵੇਗੀ।