Bathinda Jail: ਬਠਿੰਡਾ ਹਾਈ ਸਕਿਓਰਿਟੀ ਜੇਲ੍ਹ ਮੁੜ ਸੁਰਖੀਆਂ 'ਚ, ਹੁਣ ਬੈਰਕਾਂ 'ਚ ਟੀਵੀ ਚਾਹੁੰਦੇ ਕੈਦੀ, ਤਿੰਨ ਦਿਨਾਂ ਤੋਂ ਭੁੱਖ ਹੜਤਾਲ
ਬਠਿੰਡਾ ਜ਼ਿਲ੍ਹੇ ਦੀ ਹਾਈ ਸਕਿਓਰਿਟੀ ਜੇਲ੍ਹ ਮੁੜ ਸੁਰਖੀਆਂ ਵਿੱਚ ਆ ਗਈ ਹੈ। ਹੁਣ ਜੇਲ੍ਹ ਵਿੱਚ ਬੰਦ 50 ਕੈਦੀ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਉੱਪਰ ਬੈਠੇ ਹਨ। ਹੜਤਾਲੀ ਕੈਦੀਆਂ ਦੀ ਮੰਗ ਹੈ ਕਿ ਬੈਰਕਾਂ ਵਿੱਚ ਟੀਵੀ ਲਾਇਆ ਜਾਏ।
Bathinda Jail: ਬਠਿੰਡਾ ਜ਼ਿਲ੍ਹੇ ਦੀ ਹਾਈ ਸਕਿਓਰਿਟੀ ਜੇਲ੍ਹ ਮੁੜ ਸੁਰਖੀਆਂ ਵਿੱਚ ਆ ਗਈ ਹੈ। ਹੁਣ ਜੇਲ੍ਹ ਵਿੱਚ ਬੰਦ 50 ਕੈਦੀ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਉੱਪਰ ਬੈਠੇ ਹਨ। ਹੜਤਾਲੀ ਕੈਦੀਆਂ ਦੀ ਮੰਗ ਹੈ ਕਿ ਬੈਰਕਾਂ ਵਿੱਚ ਟੀਵੀ ਲਾਇਆ ਜਾਏ। ਇਹ ਹੜਤਾਲ ਕਰਨ ਵਾਲਿਆਂ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁਲਜ਼ਮਾਂ ਸਮੇਤ ਹੋਰ ਕੈਦੀ ਸ਼ਾਮਲ ਹਨ। ਇਨ੍ਹਾਂ ਕੈਦੀਆਂ ਨੇ ਪਿਛਲੇ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਧਾ ਹੈ।
ਦਰਅਸਲ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁਲਜ਼ਮ ਗੁਰਪ੍ਰੀਤ ਸਿੰਘ ਤੇ ਹੋਰ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਬੈਰਕਾਂ 'ਚ ਟੀਵੀ ਲਾਇਆ ਜਾਵੇ। ਮੁਲਜ਼ਮ ਗੁਰਪ੍ਰੀਤ ਸਿੰਘ ਦੇ ਪਿਤਾ ਜਗੀਰ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨਾਲ ਫੋਨ ’ਤੇ ਗੱਲ ਕੀਤੀ। ਪੁੱਤਰ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਟੀਵੀ ਦਾ ਪ੍ਰਬੰਧ ਕਰਨ ਲਈ ਕਿਹਾ, ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਆਪਣੇ ਖਰਚੇ 'ਤੇ ਟੀਵੀ ਸੈੱਟ ਲਗਾਉਣ ਦੀ ਇਜਾਜ਼ਤ ਮੰਗੀ ਸੀ। ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਕੈਦੀ ਇਸ ਸਹੂਲਤ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਤੋਂ ਇਹ ਸਹੂਲਤ ਵਾਪਸ ਲੈ ਲਈ ਜਾਵੇ, ਪਰ ਅਜੇ ਤੱਕ ਇਹ ਮੰਗ ਪੂਰੀ ਨਹੀਂ ਹੋਈ।
ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੋਂ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਟੈਲੀਵਿਜ਼ਨ ਦਾ ਪ੍ਰਬੰਧ ਹੈ। ਇਸ ਕਾਰਨ ਜੇਲ੍ਹ ਵਿੱਚ ਬੰਦ ਕੈਦੀਆਂ ਦਾ ਸਮਾਂ ਲੰਘ ਜਾਂਦਾ ਹੈ ਪਰ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਅਜਿਹਾ ਕੋਈ ਪ੍ਰਬੰਧ ਨਾ ਹੋਣ ਕਾਰਨ ਕੈਦੀ ਪ੍ਰੇਸ਼ਾਨ ਹਨ। ਇਸ ਲਈ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਟੀਵੀ ਦਾ ਪ੍ਰਬੰਧ ਕੀਤਾ ਜਾਏ।
ਜਗੀਰ ਸਿੰਘ ਚਿੰਤਤ ਹਨ ਕਿਉਂਕਿ ਉਨ੍ਹਾਂ ਦਾ ਪੁੱਤਰ ਤੇ ਹੋਰ ਕੈਦੀ ਭੁੱਖ ਹੜਤਾਲ 'ਤੇ ਹਨ। ਇਸ ਕਾਰਨ ਉਨ੍ਹਾਂ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੈਦੀਆਂ ਦੀਆਂ ਬੈਰਕਾਂ ਵਿੱਚ ਟੀਵੀ ਲਾਇਆ ਜਾਵੇ, ਤਾਂ ਜੋ ਉਸ ਦਾ ਪੁੱਤਰ ਤੇ ਹੋਰ ਕੈਦੀ ਭੁੱਖ ਹੜਤਾਲ ਖ਼ਤਮ ਕਰ ਸਕਣ। ਉਸ ਨੇ ਆਪਣੇ ਬੇਟੇ ਨਾਲ ਉਸ ਸਮੇਂ ਦੌਰਾਨ ਗੱਲ ਕੀਤੀ ਜਦੋਂ ਕੈਦੀਆਂ ਨੂੰ ਆਪਣੇ ਪਰਿਵਾਰਾਂ ਨਾਲ ਫੋਨ 'ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।