Punjab: ਸਾਵਧਾਨ! 40% ਸਰਕਾਰੀ ਸਕੂਲਾਂ 'ਚ ਖ਼ਰਾਬ ਪਾਣੀ ਪੀ ਰਹੇ ਤੁਹਾਡੇ ਬੱਚੇ, ਸਿਹਤ ਮਹਿਕਮੇ ਵੱਲੋਂ ਕਰਵਾਏ ਟੈਸਟਾਂ 'ਚ ਖੁਲਾਸਾ
ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ 40 ਫ਼ੀਸਦੀ ਸੈਂਪਲ ਫੇਲ੍ਹ ਹੋਏ ਹਨ।ਸਿਹਤ ਮਹਿਕਮੇ ਦੇ ਹਾਲ ਹੀ 'ਚ ਕਰਵਾਏ ਟੈਸਟਾਂ 'ਚ ਖੁਲਾਸਾ ਹੋਇਆ ਹੈ।
ਲੁਧਿਆਣਾ: ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ 40 ਫ਼ੀਸਦੀ ਸੈਂਪਲ ਫੇਲ੍ਹ ਹੋਏ ਹਨ।ਸਿਹਤ ਮਹਿਕਮੇ ਦੇ ਹਾਲ ਹੀ 'ਚ ਕਰਵਾਏ ਟੈਸਟਾਂ 'ਚ ਖੁਲਾਸਾ ਹੋਇਆ ਹੈ। ਇਕ ਪਾਸੇ ਜਿਥੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਮਿਡ ਡੇਅ ਮੀਲ ਦੇ ਤਹਿਤ ਸਿਹਤਮੰਦ ਖਾਣਾ ਖਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ।ਉਥੇ ਹੀ ਦੂਜੇ ਪਾਸੇ ਜੋ ਪਾਣੀ ਸਕੂਲਾਂ ਵਿੱਚ ਬੱਚੇ ਪੀ ਰਹੇ ਹਨ ਉਹ ਪੀਣ ਲਾਇਕ ਹੀ ਨਹੀਂ ਹੈ।
ਹਾਲ ਹੀ ਦੇ ਵਿੱਚ ਲੁਧਿਆਣਾ ਸਿਹਤ ਮਹਿਕਮੇ ਵੱਲੋਂ 200 ਸਰਕਾਰੀ ਸਕੂਲਾਂ ਦੇ ਸੈਂਪਲ ਲਏ ਗਏ। ਜਿਨ੍ਹਾਂ ਵਿੱਚੋਂ 70 ਸਕੂਲਾਂ ਦੇ ਸੈਂਪਲ ਟੈਸਟ 'ਚ ਫੇਲ੍ਹ ਹੋ ਗਏ। 40 ਫੀਸਦੀ ਸਕੂਲਾਂ ਦੇ ਵਿੱਚ ਪਾਣੀ ਪੀਣ ਲਾਇਕ ਨਹੀਂ ਹੈ।ਪਰ ਇਸ ਦੇ ਬਾਵਜੂਦ ਛੋਟੇ-ਛੋਟੇ ਬੱਚੇ ਇਹ ਪਾਣੀ ਪੀਣ ਨੂੰ ਮਜਬੂਰ ਹਨ।ਲੁਧਿਆਣਾ ਦੇ ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਅਸੀਂ ਸਬੰਧਤ ਮਹਿਕਮੇ ਨੂੰ ਲਿਖ ਦਿੱਤਾ ਹੈ। ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅੱਗੇ ਦੀ ਕਾਰਵਾਈ ਵਿਭਾਗ ਵੱਲੋਂ ਕੀਤੀ ਜਾਵੇਗੀ।
ਸਮਾਜ ਸੇਵੀ ਕੀਮਤੀ ਰਾਵਲ ਵੱਲੋਂ ਬੁੱਢੇ ਨਾਲੇ ਦੇ ਕੰਢੇ ਦੇ ਵੱਖ-ਵੱਖ ਥਾਵਾਂ ਇੱਥੋਂ ਤੱਕ ਕਿ ਸਰਕਾਰੀ ਸਕੂਲ ਚੰਦਰਨਗਰ ਦੇ ਵੀ ਪਾਣੀ ਦੇ ਸੈਂਪਲ ਲੈ ਕੇ ਪੀਏਯੂ ਲੈਬ 'ਚ ਟੈਸਟ ਕਰਵਾਏ ਗਏ। ਪਾਣੀ ਦੇ ਸੈਂਪਲ ਫੇਲ੍ਹ ਪਾਏ ਜਾਣ 'ਤੇ ਕੀਮਤੀ ਰਾਵਲ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਇਸ ਵਿਚ ਵੱਡੀ ਮਾਰ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਹੀ ਉਨ੍ਹਾਂ ਵੱਲੋਂ ਇਲਾਕੇ ਦੇ ਵੱਖ-ਵੱਖ ਥਾਵਾਂ ਤੋਂ ਜਾ ਕੇ ਸੈਂਪਲ ਲਏ ਗਏ ਸੀ।
ਇਸੇ ਤਰ੍ਹਾਂ ਅਸੀਂ ਚੰਦਰਨਗਰ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਵਿੱਚ ਵਾਟਰ ਫਿਲਟਰ ਸਿਸਟਮ ਲਗਵਾਏ ਗਏ ਹਨ ਤਾਂ ਜੋ ਬੱਚੇ ਪੀਣ ਵਾਲਾ ਸ਼ੁੱਧ ਪਾਣੀ ਪੀ ਸਕਣ। ਪਰ ਬੋਰਵੈੱਲ ਤੇ ਹੀ ਪਾਣੀ ਪ੍ਰਦੂਸ਼ਿਤ ਹਨ।
ਕੀਮਤੀ ਰਾਵਲ ਨੇ ਕਿਹਾ ਕਿ "ਇਹ ਜਾਂਚ ਦਾ ਵਿਸ਼ਾ ਹੈ ਉੱਥੇ ਹੀ ਦੂਜੇ ਪਾਸੇ ਸਿਵਲ ਸਰਜਨ ਲੁਧਿਆਣਾ ਅਤੇ ਡਾ ਰਮਨ ਨੇ ਇਹ ਸਾਫ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਸਕੂਲਾਂ ਦੇ ਆਰ ਓ ਦੇ ਵੀ ਸੈਂਪਲ ਲਏ ਗਏ ਜੋ ਕਿ ਫੇਲ੍ਹ ਪਾਏ ਗਏ।"