Punjab News: 2027 ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨ ਨੂੰ ਦੇਸ਼ ਛੱਡਕੇ ਨਹੀਂ ਭੱਜਣ ਦਿਆਂਗੇ, ਮਜੀਠੀਆ ਦੇ ਘਰ ਪਈ ਰੇਡ ਤੋਂ ਭੜਕੀ ਹਰਸਿਮਰਤ ਬਾਦਲ
ਹਰਸਿਮਰਤ ਬਾਦਲ ਨੇ ਕਿਹਾ ਕਿ ਤੇਰੇ ਅਤੇ ਤੇਰੀ ਸਰਕਾਰ ਦੇ ਕਾਲੇ ਕਾਰਨਾਮੇ ਇਸੇ ਤਰ੍ਹਾਂ ਜਨਤਾ ਦੀ ਕਚਹਿਰੀ 'ਚ ਰੱਖਦੇ ਰਹਾਂਗੇ ! ਯਾਦ ਰੱਖੀ 2027 ਤੋਂ ਬਾਅਦ ਤੈਨੂੰ ਦੇਸ਼ ਛੱਡ ਕੇ ਭੱਜਣ ਨਹੀਂ ਦੇਵਾਂਗੇ ਇੱਥੇ ਹੀ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ

Punjab News: ਪੰਜਾਬ ਵਿੱਚ ਭਾਂਵੇ ਅੱਜ ਮੌਸਮ ਠੰਡਾ ਹੋ ਗਿਆ ਹੈ ਪਰ ਸਿਆਸਤ ਦਾ ਪਾਰਾ ਅੱਜ ਪੂਰੀ ਤਰ੍ਹਾਂ ਨਾਲ ਚੜ੍ਹਿਆ ਹੋਇਆ ਹੈ ਕਿਉਂਕਿ ਤੜਕਸਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਨੇ ਰੇਡ ਕੀਤੀ ਹੈ। ਇਸ ਤੋਂ ਬਾਅਦ ਪਹਿਲਾਂ ਮਜੀਠੀਆ ਨੇ ਭਗਵੰਤ ਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ ਤੇ ਹੁਣ ਹਰਸਿਮਰਤ ਕੌਰ ਬਾਦਲ ਨੇ ਵੀ ਭਗਵੰਤ ਮਾਨ ਦੀ ਇਸ ਕਾਰਵਾਈ ਨੂੰ ਲੈ ਕੇ ਕੋਸਿਆ ਹੈ।
ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀਡੀਓ ਸਾਂਝੀ ਕਰਕੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਜਿਸ ਤਰ੍ਹਾਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕੱਠਪੁਤਲੀ ਭਗਵੰਤ ਮਾਨ ਨੇ ਮੇਰੇ ਛੋਟੇ ਵੀਰ ਬਿਕਰਮ ਸਿੰਘ ਮਜੀਠੀਆ ਦੇ ਘਰ ਆਪਣੀ ਪੁਲਿਸ ਭੇਜੀ ਹੈ ਉਸਨੇ ਇੰਦਰਾ ਗਾਂਧੀ ਵੱਲੋਂ ਅੱਜ ਦੇ ਦਿਨ 25 ਜੂਨ 1975 ਨੂੰ ਲਗਾਈ ਐਮਰਜੈਂਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ !
ਜਿਸ ਤਰ੍ਹਾਂ ਇੰਦਰਾ ਨੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਓਸੇ ਤਰ੍ਹਾਂ ਅੱਜ ਭਗਵੰਤ ਮਾਨ ਕਰ ਰਿਹਾ ਹੈ ਪਰ ਭਗਵੰਤ ਮਾਨ ਇਹ ਭੁੱਲ ਗਿਆ ਕਿ ਸਾਡਾ ਪਰਿਵਾਰ ਸਰਕਾਰਾਂ ਦੇ ਧੱਕੇ ਅੱਗੇ ਨਾ ਕਦੇ ਪਹਿਲਾਂ ਝੁਕਿਆ ਹੈ ਤੇ ਨਾ ਹੁਣ ਝੁਕੇਗਾ ਜਿਨ੍ਹਾਂ ਜ਼ੋਰ ਲਗਾ ਸਕਦਾ ਲਗਾ ਲੈ ਤੂੰ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ !
ਹਰਸਿਮਰਤ ਬਾਦਲ ਨੇ ਕਿਹਾ ਕਿ ਤੇਰੇ ਅਤੇ ਤੇਰੀ ਸਰਕਾਰ ਦੇ ਕਾਲੇ ਕਾਰਨਾਮੇ ਇਸੇ ਤਰ੍ਹਾਂ ਜਨਤਾ ਦੀ ਕਚਹਿਰੀ 'ਚ ਰੱਖਦੇ ਰਹਾਂਗੇ ! ਯਾਦ ਰੱਖੀ 2027 ਤੋਂ ਬਾਅਦ ਤੈਨੂੰ ਦੇਸ਼ ਛੱਡ ਕੇ ਭੱਜਣ ਨਹੀਂ ਦੇਵਾਂਗੇ ਇੱਥੇ ਹੀ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ
ਇਸ ਮੌਕੇ ਬਾਦਲ ਨੇ ਕਿਹਾ ਕਿ ਜਗਦੀਸ਼ ਭੋਲੇ ਨੂੰ ਸਾਡੀ ਸਰਕਾਰ ਨੇ ਫੜ੍ਹਿਆ ਸੀ ਪਰ ਮਾਨ ਸਰਕਾਰ ਨੇ ਉਸ ਨੂੰ ਹੀ ਛੱਡ ਦਿੱਤਾ, ਹੁਣ ਘਰ ਘਰ ਤੱਕ ਨਸ਼ਾ ਪਹੁੰਚ ਗਿਆ ਹੈ ਤੇ ਪੰਜਾਬ ਵਿੱਚ ਕੁੜੀਆਂ ਨਸ਼ੇ ਨਾਲ ਡਿੱਗਦੀਆਂ ਫਿਰਦੀਆਂ ਹਨ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਯਾਦ ਕਰਵਾਇਆ ਕਿ ਬਿਕਰਮ ਸਿੰਘ ਮਜੀਠੀਆ ਤੋਂ ਅਦਾਲਤ ਵਿੱਚ ਆਪ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਮੁਆਫੀ ਮੰਗੀ ਸੀ।
ਬਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ ?
ਵਿਜੀਲੈਂਸ ਦੀ ਰੇਡ ਮਗਰੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਤਿੱਖਾ ਹਮਲਾ ਬੋਲਿਆ ਹੈ। ਮਜੀਠੀਆ ਨੇ ਕਿਹਾ ਹੈ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰੱਗ ਕੇਸ ਵਿੱਚ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਉਹ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਹੀ ਅੱਜ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਾਲੀ ਟੀਮ ਨੇ ਮੇਰੇ ਘਰ ਛਾਪਾ ਮਾਰਿਆ।
ਮਜੀਠੀਆ ਨੇ ਕਿਹਾ ਭਗਵੰਤ ਮਾਨ ਜੀ, ਇਹ ਗੱਲ ਸਮਝ ਲਵੋ, ਤੁਸੀਂ ਭਾਵੇਂ ਜਿੰਨੇ ਮਰਜ਼ੀ ਪਰਚੇ ਦਰਜ ਕਰ ਦਿਓ, ਨਾ ਤਾਂ ਮੈਂ ਡਰਾਂਗਾ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕੇਗੀ। ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ 'ਤੇ ਬੋਲਿਆ ਹੈ ਤੇ ਭਵਿੱਖ ਵਿੱਚ ਵੀ ਬੋਲਦਾ ਰਹਾਂਗਾ। ਮੈਨੂੰ ਸਦੀਵੀ ਪਰਮਾਤਮਾ, ਗੁਰੂ ਸਾਹਿਬ 'ਤੇ ਪੂਰਾ ਵਿਸ਼ਵਾਸ ਹੈ। ਅੰਤਿਮ ਜਿੱਤ ਸੱਚ ਦੀ ਹੋਵੇਗੀ।






















