Punjab News: ਅਕਾਲੀ ਦਲ ਲਈ ਨਵੀਂ ਚੁਣੌਤੀ ਬੀਬੀ ਜਗੀਰ ਕੌਰ, ਕਿਹਾ- ਇੱਕੋ-ਇੱਕ ਮਕਸਦ SGPC ਨੂੰ ਇੱਕ ਪਰਿਵਾਰ ਤੇ ਪਾਰਟੀ ਤੋਂ ਮੁਕਤ ਕਰਵਾਉਣਾ
ਐਸਜੀਪੀਸੀ ਦੀ ਪ੍ਰਧਾਨਗੀ ਨੂੰ ਲੈਕੇ ਬੀਬੀ ਜਗੀਰ ਕੌਰ ਨੇ ਮੁੜ ਕਿਹਾ ਕਿ ਲਿਫਾਫੇ ਚੋਂ ਹੀ ਪ੍ਰਧਾਨ ਨਿਕਲਦਾ ਸੀ। ਜਿਸ ਨੂੰ ਲੈ ਕੇ ਕਈ ਵਾਰ ਸੁਖਬੀਰ ਬਾਦਲ ਨੂੰ ਕਿਹਾ ਵੀ ਗਿਆ ਸੀ ਕਿ ਲੋਕਾਂ 'ਚ ਬਦਨਾਮੀ ਹੋ ਰਹੀ ਹੈ ਅਜਿਹਾ ਨਾ ਕੀਤਾ ਜਾਵੇ।
Punjab News: ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਪੰਥ ਬੋਰਡ ਦਾ ਐਲਾਨ ਕਰਕੇ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਆਪਣੇ ਸਮਰਥਕਾਂ ਨਾਲ ਮੁਲਾਕਾਤਾਂ ਵੀ ਤੇਜ਼ ਕਰ ਦਿੱਤੀ ਹੈ। ਐਤਵਾਰ ਨੂੰ ਬੀਬੀ ਜਗੀਰ ਕੌਰ ਵਿਧਾਨ ਸਭਾ ਹਲਕਾ ਪਾਇਲ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਸਮਰਥਕਾਂ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਓਨ੍ਹਾਂ ਦਾ ਇਕੋ ਮਕਸਦ ਹੈ ਕਿ ਐਸਜੀਪੀਸੀ ਨੂੰ ਇੱਕ ਪਾਰਟੀ ਅਤੇ ਪਰਿਵਾਰ ਤੋਂ ਮੁਕਤ ਕਰਾਉਣਾ ਹੈ।
'ਅਸੀਂ ਰਾਜਨੀਤੀ ਨੂੰ ਉੱਪਰ ਤੇ ਧਰਮ ਨੂੰ ਥੱਲੇ ਰੱਖਿਆ'
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਇਸ ਕਰਕੇ ਧੱਕੇ ਖਾ ਰਹੇ ਹਾਂ ਕਿ ਅਸੀਂ ਰਾਜਨੀਤੀ ਨੂੰ ਉਪਰ ਰੱਖਿਆ ਅਤੇ ਧਰਮ ਨੂੰ ਥੱਲੇ। ਸਮੁੱਚੀ ਸਿੱਖ ਕੌਮ ਦੀ ਆਵਾਜ਼ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੂੰ ਰਾਜਨੀਤੀ ਤੋਂ ਪਰੇ ਰੱਖਿਆ ਜਾਵੇ। ਇਸ ਧਾਰਮਿਕ ਸੰਸਥਾ ਉਪਰ ਲੱਗੇ ਦਾਗ਼ ਮਿਟਾਏ ਜਾਣ ਜਿਸ ਕਰਕੇ ਉਨ੍ਹਾਂ ਨੇ ਵੱਖ ਵੱਖ ਜਮਾਤ ਦੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਕੇ ਇੱਕ ਪਲੇਟਫਾਰਮ ਬਣਾਇਆ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਚ ਪ੍ਰਧਾਨੀ ਫੈਸਲੇ ਹੋਣਗੇ ਕੋਈ ਵੀ ਇਕੱਲਾ ਫੈਸਲਾ ਨਹੀਂ ਲੈ ਸਕੇਗਾ। ਐੱਸਜੀਪੀਸੀ ਚੋਣਾਂ ਲਈ ਹਰੇਕ ਪਾਰਟੀ ਅਤੇ ਸੰਸਥਾ ਚੋਂ ਨਾਮ ਲਏ ਜਾਣਗੇ ਜਿਹੜੇ ਚੰਗੇ ਕਿਰਦਾਰ ਵਾਲੇ ਉਮੀਦਵਾਰ ਹੋਣਗੇ ਉਹ ਚੋਣ ਮੈਦਾਨ 'ਚ ਉਤਾਰੇ ਜਾਣਗੇ।
ਲਿਫਾਫੇ ਵਿੱਚੋਂ ਨਿਕਲਦਾ ਹੈ SGPC ਦਾ ਪ੍ਰਧਾਨ-ਜਗੀਰ ਕੌਰ
ਇਸ ਮੌਕੇ ਐਸਜੀਪੀਸੀ ਦੀ ਪ੍ਰਧਾਨਗੀ ਨੂੰ ਲੈਕੇ ਬੀਬੀ ਜਗੀਰ ਕੌਰ ਨੇ ਮੁੜ ਕਿਹਾ ਕਿ ਲਿਫਾਫੇ ਚੋਂ ਹੀ ਪ੍ਰਧਾਨ ਨਿਕਲਦਾ ਸੀ। ਜਿਸ ਨੂੰ ਲੈ ਕੇ ਕਈ ਵਾਰ ਸੁਖਬੀਰ ਬਾਦਲ ਨੂੰ ਕਿਹਾ ਵੀ ਗਿਆ ਸੀ ਕਿ ਲੋਕਾਂ 'ਚ ਬਦਨਾਮੀ ਹੋ ਰਹੀ ਹੈ ਅਜਿਹਾ ਨਾ ਕੀਤਾ ਜਾਵੇ। ਸੁਖਬੀਰ ਨੇ ਗੱਲ ਮੰਨਣ ਦੀ ਥਾਂ ਪਾਰਟੀ ਚੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਉਨ੍ਹਾਂ ਨੇ ਸਿਧਾਤਾਂ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ।
ਸੰਸਥਾ ਹੀ ਜਥੇਦਾਰ ਦਾ ਹੁਕਮ ਨਹੀਂ ਮੰਨੇਗੀ ਤਾਂ...
ਬੀਬੀ ਜਗੀਰ ਕੌਰ ਨੇ ਸਿੱਖ ਕੌਮ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਲੈ ਕੇ ਵੀ ਬੀਬੀ ਜਗੀਰ ਕੌਰ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਅਤੇ ਪਾਰਟੀ ਹੀ ਜਥੇਦਾਰ ਦਾ ਹੁਕਮ ਨਹੀਂ ਮੰਨੇਗੀ ਤਾਂ ਆਮ ਲੋਕ ਕਿਸ ਤਰ੍ਹਾਂ ਮੰਨਣਗੇ। ਇਹੀ ਕਾਰਨ ਹੈ ਕਿ ਹੁਣ ਜਥੇਦਾਰ ਸਾਹਿਬ ਵੀ ਸਿੱਖਾਂ ਨੂੰ ਅਪੀਲ ਕਰ ਰਹੇ ਹਨ ਕਿ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਾਜ ਬਦਲਣ ਦੀ ਲੋੜ ਹੈ।