Sri Akal Takht Sahib: ਬੀਬੀ ਜਗੀਰ ਕੌਰ ਤੇ ਪਰਮਿੰਦਰ ਢੀਂਡਸਾ ਨੇ ਸ੍ਰੀ ਅਕਾਤ ਤਖ਼ਤ ਸਾਹਿਬ 'ਤੇ ਦਿੱਤਾ ਸਪੱਸ਼ਟੀਕਰਨ, ਕਿਹਾ-ਫੈਸਲੇ ਕਰਨ ਵੇਲੇ ਕਦੇ ਨਹੀਂ ਲਈ ਗਈ ਸਲਾਹ
ਬੀਬੀ ਜਗੀਰ ਕੌਰ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਉਹ 14 ਤੋਂ 30 ਮਾਰਚ 2012 ਤੱਕ ਹੀ ਮੰਤਰੀ ਸਨ। 16 ਦਿਨਾਂ 'ਚ ਚੱਲ ਰਹੇ ਕੇਸਾਂ ਸਬੰਧੀ ਨਾ ਤਾਂ ਕੋਈ ਫੈਸਲਾ ਹੋਇਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਜਿਸ ਕਾਰਨ ਮੇਰੀ ਕੋਈ ਸ਼ਮੂਲੀਅਤ ਨਹੀਂ ਹੈ।
Sri Akal Takht Sahib: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਮੈਂਬਰ ਬੀਬੀ ਜਗੀਰ ਕੌਰ (bibi jagir kaur) ਪਰਮਿੰਦਰ ਸਿੰਘ ਢੀਂਡਸਾ (Parminder Singh Dhindsa) ਤੇ ਸੋਹਣ ਸਿੰਘ ਅੱਜ (ਸੋਮਵਾਰ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਵਿੱਚ ਅਕਾਲੀ ਦਲ ਦੇ ਸਾਬਕਾ 17 ਮੰਤਰੀਆਂ ਵਿੱਚ ਜਗੀਰ ਕੌਰ ਤੇ ਪਰਮਿੰਦਰ ਸਿੰਘ ਢੀਂਡਸਾ ਦਾ ਨਾਂਅ ਸ਼ਾਮਲ ਹੈ। ਜ਼ਿਕਰ ਕਰ ਦਈਏ ਕਿ ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਡਾ: ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਸਮੇਤ ਕਈ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਸੌਂਪ ਚੁੱਕੇ ਹਨ।
ਬੀਬੀ ਜਗੀਰ ਕੌਰ ਨੇ ਕੀ ਦਿੱਤਾ ਸਪੱਸ਼ਟੀਕਰਨ ?
ਬੀਬੀ ਜਗੀਰ ਕੌਰ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਉਹ 14 ਤੋਂ 30 ਮਾਰਚ 2012 ਤੱਕ ਹੀ ਮੰਤਰੀ ਸਨ। 16 ਦਿਨਾਂ 'ਚ ਚੱਲ ਰਹੇ ਕੇਸਾਂ ਸਬੰਧੀ ਨਾ ਤਾਂ ਕੋਈ ਫੈਸਲਾ ਹੋਇਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਜਿਸ ਕਾਰਨ ਮੇਰੀ ਕੋਈ ਸ਼ਮੂਲੀਅਤ ਨਹੀਂ ਹੈ। ਉਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਦੀ ਸਲਾਹ ਲਈ ਗਈ ਅਤੇ ਨਾ ਹੀ ਉਨ੍ਹਾਂ ਨੇ ਵਿਧਾਇਕ ਵਜੋਂ ਜਾਂ ਪਾਰਟੀ ਆਗੂ ਵਜੋਂ ਸਰਕਾਰ ਵਿੱਚ ਕੋਈ ਯੋਗਦਾਨ ਪਾਇਆ। ਪਾਰਟੀ ਦੇ ਸੇਵਕ ਵਜੋਂ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਪਰ ਬਾਦਲ ਪਰਿਵਾਰ ਦੀ ਮਜ਼ਬੂਤ ਪਕੜ ਕਾਰਨ ਉਸ ਦੀਆਂ ਕੋਸ਼ਿਸ਼ਾਂ ਨੂੰ ਪਾਰਟੀ ਵਿਰੋਧੀ ਭੂਮਿਕਾ ਵਜੋਂ ਦਰਜ ਕੀਤਾ ਗਿਆ। ਨਤੀਜੇ ਵਜੋਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਤੋਂ ਪਹਿਲਾਂ ਦਿੱਤਾ ਅਸਤੀਫ਼ਾ
ਦੱਸ ਦਈਏ ਕਿ ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣ ਤੋਂ ਪਹਿਲਾਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੀਬੀ ਜਗੀਰ ਕੌਰ ਵੱਲੋਂ ਜਾਰੀ ਪੱਤਰ ਵਿੱਚ ਉਨ੍ਹਾਂ ਲਿਖਿਆ- ਸਭ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੈਬਨਿਟ ਮੰਤਰੀ ਦੇ ਰੂਪ ਵਿੱਚ ਸਪੱਸ਼ਟੀਕਰਨ ਮੰਗਿਆ ਗਿਆ ਹੈ। 9 ਸਤੰਬਰ ਨੂੰ ਮੈਂ ਸਪਸ਼ਟੀਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਰਹੀ ਹਾਂ। ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੀ ਪਾਰਟੀ ਦੇ ਸਾਰੇ ਅਹੁਦੇ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀ ਲਾਵਾਂ। ਮੈਨੂੰ ਪਾਰਟੀ ਦਾ ਸਲਾਹਕਾਰ ਤੇ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਹੀ ਹਾਂ, ਤਾਂ ਜੋ ਮੈਂ ਇੱਕ ਆਮ ਸਿੱਖ ਵਾਂਗ ਪੇਸ਼ ਹੋ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਾਂ।