ਪੰਜਾਬ ਪੁਲਿਸ ਦਾ ਵੱਡਾ ਦਾਅਵਾ! ਅੰਮ੍ਰਿਤਪਾਲ ਸਿੰਘ ਨੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਘੇਰ ਕੇ ਐਨਐਸਏ ਤਹਿਤ ਗ੍ਰਿਫਤਾਰ ਕੀਤਾ
ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਤਮ ਸਮਰਪਣ ਕਰਨ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਐਨਐਸਏ ਤਹਿਤ ਗ੍ਰਿਫਤਾਰ ਕੀਤਾ ਹੈ।
Amritpal Singh Arrested: ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਤਮ ਸਮਰਪਣ ਕਰਨ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਐਨਐਸਏ ਤਹਿਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੇ ਆਤਮ ਸਮਰਪਣ ਨਹੀਂ ਕੀਤਾ ਸਗੋਂ ਉਸ ਨੂੰ ਘੇਰ ਕੇ ਗ੍ਰਿਫਤਾਰ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਨੂੰ ਅੱਜ ਸਵੇਰੇ 6.45 ਵਜੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀਆਂ ਖੁਫੀਆ ਏਜੰਸੀਆਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਅਲਰਟ 'ਤੇ ਸਨ। ਅੰਮ੍ਰਿਤਪਾਲ ਨੂੰ ਰਾਸ਼ਟਰੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਆਈਜੀ ਸੁਖਚੈਨ ਗਿੱਲ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਖੁਦ ਹੀ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਨੇ ਹੀ ਪਿੰਡ ਰੋਡੇ ਵਿੱਚ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਹੁਣ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਉਂਝ ਅੰਮ੍ਰਿਤਪਾਲ ਸਿੰਘ ਦਾ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਕੇ ਸੰਗਤਾਂ ਨੂੰ ਸੰਬੋਧਨ ਕਰਨਾ, ਪੁਲਿਸ ਦੇ ਦਾਅਵਿਆਂ ਉਪਰ ਵੀ ਸਵਾਲ ਉਠਾ ਰਿਹਾ ਹੈ।
ਗ੍ਰਿਫਤਾਰੀ ਅੰਤ ਨਹੀਂ, ਸਗੋਂ ਸ਼ੁਰੂਆਤ: ਅੰਮ੍ਰਿਤਪਾਲ ਸਿੰਘ
ਉਧਰ, ਗ੍ਰਿਫਤਾਰੀ ਤੋਂ ਪਹਿਲਾਂ ਪਿੰਡ ਰੋਡੇ ਵਿੱਚ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ, "ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਸਥਾਨ ਹੈ। ਉਸੇ ਥਾਂ 'ਤੇ ਅਸੀਂ ਆਪਣਾ ਕੰਮ ਵਧਾ ਰਹੇ ਹਾਂ ਤੇ ਇੱਕ ਅਹਿਮ ਮੋੜ 'ਤੇ ਖੜ੍ਹੇ ਹਾਂ। ਇੱਕ ਮਹੀਨੇ ਤੋਂ ਜੋ ਕੁਝ ਹੋ ਰਿਹਾ ਹੈ, ਉਹ ਸਭ ਨੇ ਦੇਖਿਆ ਹੈ। ਜੇਕਰ ਇਹ ਸਿਰਫ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਗ੍ਰਿਫਤਾਰੀ ਦੇ ਕਈ ਤਰੀਕੇ ਸਨ। ਅਸੀਂ ਸਹਿਯੋਗ ਕਰਦੇ।
ਉਨ੍ਹਾਂ ਅੱਗੇ ਕਿਹਾ ਕਿ ਦੁਨੀਆਂ ਦੀ ਕਚਹਿਰੀ ਵਿੱਚ ਅਸੀਂ ਦੋਸ਼ੀ ਪਾਏ ਜਾ ਸਕਦੇ ਹਾਂ। ਸੱਚੇ ਗੁਰੂ ਦੇ ਦਰਬਾਰ ਵਿੱਚ ਨਹੀਂ। ਮਹੀਨੇ ਬਾਅਦ ਫੈਸਲਾ ਕੀਤਾ, ਇਸ ਧਰਤੀ 'ਤੇ ਲੜੇ ਹਾਂ ਤੇ ਲੜਾਂਗੇ। ਜਿਹੜੇ ਝੂਠੇ ਕੇਸ ਹਨ, ਉਨ੍ਹਾਂ ਦਾ ਸਾਹਮਣਾ ਕੀਤਾ ਜਾਵੇਗਾ। ਗ੍ਰਿਫਤਾਰੀ ਅੰਤ ਨਹੀਂ, ਸਗੋਂ ਸ਼ੁਰੂਆਤ ਹੈ।