ਹਨੀ ਟਰੈਪ ਦਾ ਸ਼ਿਕਾਰ ਬਣਿਆ BSF ਦਾ ਜਵਾਨ, ਅਕਾਊਂਟ ਤੋਂ ਉੱਡਾ ਲਏ 3.54 ਲੱਖ ਰੁਪਏ, ਫੇਸਬੁੱਕ ਫ੍ਰੈਂਡ ਸਣੇ 5 ਖਿਲਾਫ਼ ਪਰਚਾ ਦਰਜ
Ferozepur News: ਇੱਥੇ ਪਹੁੰਚ ਕੇ ਉਸ ਨੇ ਆਪਣੀ ਫੇਸਬੁੱਕ ਫ੍ਰੈਂਡ ਅਮਨਦੀਪ ਕੌਰ ਉਰਫ ਰੱਜੀ ਵਾਸੀ ਗੁਰੂ ਕਰਮ ਸਿੰਘ ਨਗਰ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਆਪਣੇ ਘਰ ਬੁਲਾ ਲਿਆ।
Punjab News: ਅਕਸਰ ਹੀ ਫੌਜ ਦੇ ਜਵਾਨਾਂ ਦੇ ਹਨੀਟ੍ਰੈਪ 'ਚ ਫਸਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਕੇਸ ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਰਕੇਸ਼ ਕੁਮਾਰ ਦਾ ਹੈ। ਜਿਸ ਕਰਕੇ ਪੁਲਿਸ ਨੇ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਨੂੰ ਸੋਸ਼ਲ ਮੀਡੀਆ ਰਾਹੀਂ ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੀ ਉਸ ਦੀ ਫੇਸਬੁੱਕ ਫ੍ਰੈਂਡ ਸਮੇਤ ਪੰਜ ਦੋਸ਼ੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ। ਘਟਨਾ ਸਤੀਏਵਾਲਾ ਕੋਲ ਸਥਿਤ ਗੁਰੂ ਕਰਮ ਸਿੰਘ ਨਗਰ ਦੀ ਹੈ।
ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਰਕੇਸ਼ ਕੁਮਾਰ ਨੂੰ ਇਸ ਤਰ੍ਹਾਂ ਫਸਾਇਆ
ਥਾਣਾ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਚੱਕ ਅਰਾਈਆਂਵਾਲਾ ਹੈੱਡਕੁਆਰਟਰ, ਅਬੋਹਰ ਸੈਕਟਰ ’ਚ ਤਾਇਨਾਤ ਹੈ। 20 ਮਈ ਨੂੰ ਉਹ ਅਬੋਹਰ ’ਚ ਡਾਕ ਦੇਣ ਤੋਂ ਬਾਅਦ ਗੰਗਾਨਗਰ ਇੰਟਰਸਿਟੀ ਟਰੇਨ ਰਾਹੀਂ ਫਿਰੋਜ਼ਪੁਰ ਆ ਗਿਆ। ਇੱਥੇ ਪਹੁੰਚ ਕੇ ਉਸ ਨੇ ਆਪਣੀ ਫੇਸਬੁੱਕ ਫ੍ਰੈਂਡ ਅਮਨਦੀਪ ਕੌਰ ਉਰਫ ਰੱਜੀ ਵਾਸੀ ਗੁਰੂ ਕਰਮ ਸਿੰਘ ਨਗਰ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਆਪਣੇ ਘਰ ਬੁਲਾ ਲਿਆ।
ਜਵਾਨ ਦੇ ਨਾਲ ਹੋਈ ਕੁੱਟਮਾਰ ਤੇ ਦਿੱਤੀਆਂ ਧਮਕੀਆਂ
ਜਵਾਨ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਜਦ ਉਹ ਅਮਨਦੀਪ ਕੌਰ ਦੇ ਘਰ ਪਹੁੰਚਿਆ ਤਾਂ ਕੁਝ ਸਮੇਂ ਬਾਅਦ ਹੀ ਉਥੇ ਕੁਝ ਹੋਰ ਲੋਕ ਆ ਗਏ। ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਹੀ ਬਸ ਨਹੀਂ ਸਗੋਂ ਜਵਾਨ ਤੋਂ ਉਸ ਦਾ ਫੋਨ, ਪਰਸ, ATM ਕਾਰਡ, ਪੈਨ ਕਾਰਡ, ਆਧਾਰ ਕਾਰਡ, ਕਰੈਡਿਟ ਕਾਰਡ, ਡਰਾਈਵਿੰਗ ਲਾਇਸੈਂਸ, ਆਈ ਕਾਰਡ ਅਤੇ 1200 ਰੁਪਏ ਖੋਹ ਲਏ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦੀ ਪਤਨੀ ਦੇ ਅਕਾਊਂਟ ਤੋਂ 3.54 ਲੱਖ ਰੁਪਏ ਕਢਵਾ ਲਏ ਅਤੇ ਉਸ ਨੂੰ ਧਮਕੀਆਂ ਦੇ ਕੇ ਭਜਾ ਦਿੱਤਾ।
ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ
ਥਾਣਾ ਸਦਰ ਦੇ ਏ. ਐੱਸ. ਆਈ. ਪਵਨ ਕੁਮਾਰ ਦੇ ਅਨੁਸਾਰ ਜਵਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਅਮਨਦੀਪ ਕੌਰ, ਉਸਦੇ ਪਤੀ ਦਾਨਿਸ਼, ਸਾਥੀਆਂ ਪਿੰਕੀ, ਮੰਜੇਸ਼ ਵਾਸੀ ਹਾਊਸਿੰਗ ਬੋਰਡ ਕਾਲੋਨੀ ਅਤੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।