ਲੋਕਾਂ ਨਾਲ ਕੀਤੇ ਬਹੁਤੇ ਵਾਅਦੇ ਸਰਕਾਰ ਨੇ ਇਕ ਸਾਲ ਅੰਦਰ ਹੀ ਪੂਰੇ ਕੀਤੇ: ਮੀਤ ਹੇਅਰ
Punjab News: ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਬਹੁਤੇ ਵਾਅਦੇ ਪਹਿਲੇ ਇਕ ਸਾਲ ਦੇ ਅੰਦਰ ਹੀ ਪੂਰੇ ਕਰ ਦਿੱਤੇ ਹਨ।
Punjab News: ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਬਹੁਤੇ ਵਾਅਦੇ ਪਹਿਲੇ ਇਕ ਸਾਲ ਦੇ ਅੰਦਰ ਹੀ ਪੂਰੇ ਕਰ ਦਿੱਤੇ ਹਨ। ਇਕ ਸਾਲ ਦੇ ਅਰਸੇ ਦੌਰਾਨ ਸਰਕਾਰ ਦੀ ਇੱਛਾ ਸ਼ਕਤੀ ਅਤੇ ਮੁੱਖ ਮੰਤਰੀ ਦੇ ਕੰਮ ਕਰਨ ਦੀ ਨੀਅਤ ਵਿੱਚ ਕੋਈ ਕਮੀ ਨਹੀਂ ਸੀ। ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਕਿਸੇ ਵੀ ਪੰਜਾਬੀ ਨੂੰ ਨੀਅਤ ਵਿੱਚ ਕੋਈ ਖੋਟ ਨਜ਼ਰ ਨਹੀਂ ਆਈ।
ਇਹ ਗੱਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੇ ਇਕ ਸਾਲ ਪੂਰਾ ਹੋਣ ਉੱਤੇ ਇਕ ਨਿੱਜੀ ਚੈਨਲ ਉੱਤੇ ਇੰਟਰਵਿਊ ਦੌਰਾਨ ਕਹੀ।
ਆਪਣੇ ਵਿਭਾਗਾਂ ਦੀ ਇਕ ਸਾਲ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਖਣਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜਨਤਕ ਖੱਡਾਂ ਤੋਂ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਸਸਤਾ ਰੇਤਾ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਹੁਣ ਤੱਕ ਇਨ੍ਹਾਂ ਖੱਡਾਂ ਤੋਂ ਲੋਕ 3.71 ਲੱਖ ਮੀਟਰਿਕ ਟਨ ਰੇਤਾ ਖਰੀਦ ਚੁੱਕੇ ਹਨ। ਜਨਤਕ ਖੱਡਾਂ ਵਿੱਚੋਂ ਮਜ਼ਦੂਰਾਂ ਨੂੰ ਇੱਕ ਦਿਨ ਵਿੱਚ ਟਰਾਲੀਆਂ ਭਰਨ ਨਾਲ ਡੇਢ-ਡੇਢ ਲੱਖ ਰੁਪਏ ਮਿਲ ਰਹੇ ਹਨ। ਸਰਕਾਰ ਦਾ ਟੀਚਾ ਹੈ ਕਿ ਜਨਤਕ ਖੱਡਾਂ ਨੂੰ 150 ਦੇ ਨੇੜੇ ਲੈ ਕੇ ਜਾਣਾ। ਸਰਕਾਰ ਦਾ ਟੀਚਾ ਖਣਨ ਮਾਫ਼ੀਆਂ ਖਤਮ ਕਰਨਾ ਅਤੇ ਲੋਕਾਂ ਨੂੰ ਵਾਜਬ ਕੀਮਤਾਂ ਉੱਤੇ ਰੇਤਾ ਮੁਹੱਈਆ ਕਰਵਾਉਣਾ ਹੈ। ਨਵੀਂ ਨੀਤੀ ਦੀ ਨੋਟੀਫਿਕੇਸ਼ਨ ਵੀ ਹੋ ਗਈ ਹੈ।
ਵਾਤਾਵਰਣ ਵਿਭਾਗ ਬਾਰੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਘੱਟ ਪਰਾਲੀ ਸਾੜੀ ਗਈ ਹੈ। ਜੇਕਰ ਕੇਂਦਰ ਸਰਕਾਰ ਵਿੱਤੀ ਸਹਾਇਤਾ ਕਰਦੀ ਤਾਂ ਹੋ ਸਕਦਾ ਸੀ ਕਿ ਇਸ ਵਾਰ ਪਰਾਲੀ ਸਾੜਨ ਦੀਆਂ 70 ਫੀਸਦੀ ਘਟਨਾਵਾਂ ਦੇਖਣ ਨੂੰ ਨਾ ਮਿਲਦੀਆਂ। ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਇਨ ਸੀਟੂ ਤੇ ਐਕਸ ਸੀਟੂ ਪ੍ਰਬੰਧਨ ਸਦਕਾ ਇਸ ਸਾਲ ਹੋਰ ਵੀ ਗਿਰਾਵਟ ਆਵੇਗੀ।
ਖੇਡ ਵਿਭਾਗ ਬਾਰੇ ਗੱਲ ਕਰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਵਿਭਾਗ ਨਿਰੰਤਰ ਕੰਮ ਕਰ ਰਿਹਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਭਰਵਾਂ ਹੁੰਗਾਰਾ ਮਿਲਿਆ। ਮਾਹਿਰਾਂ ਦੀ ਰਾਏ ਨਾਲ ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ।ਮਹਾਨ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਮ ਉੱਪਰ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਹੈ।ਕੌਮਾਂਤਰੀ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਤਿਆਰ ਕਰਨ ਲਈ ਵਿਸ਼ੇਸ਼ ਤਵੱਜੋਂ ਦਿੱਤੀ ਹੈ।