(Source: ECI/ABP News/ABP Majha)
ਕੈਨੇਡਾ 'ਚ ਦਰਦਨਾਕ ਹਾਦਸਾ, ਓਵਨ 'ਚ ਸੜ ਕੇ 19 ਸਾਲਾ ਪੰਜਾਬਣ ਦੀ ਮੌਤ, ਪੁਲਿਸ ਨੂੰ ਕਤਲ ਦਾ ਸ਼ੱਕ !
Indian Died In Walmart: 19 ਸਾਲਾ ਮ੍ਰਿਤਕ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਵਾਲਮਾਰਟ 'ਚ ਕੰਮ ਕਰਦੀ ਸੀ।
ਕੈਨੇਡਾ ਦੇ ਹੈਲੀਫੈਕਸ ਵਿੱਚ ਵਾਲਮਾਰਟ ਵਿੱਚ ਕੰਮ ਕਰਨ ਵਾਲੀ ਇੱਕ ਪੰਜਾਬੀ ਲੜਕੀ ਗੁਰਸਿਮਰਨ ਕੌਰ ਦੀ ਬੇਕਰੀ ਦੇ ਓਵਨ ਵਿੱਚ ਸੜ ਕੇ ਮੌਤ ਹੋ ਗਈ। ਸਥਾਨਕ ਪੁਲਿਸ 19 ਸਾਲਾ ਗੁਰਸਿਮਰਨ ਕੌਰ ਦੀ ਮੌਤ ਦਾ ਭੇਤ ਸੁਲਝਾਉਣ ਲਈ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਹਾਲਾਂਕਿ ਇਹ ਮਾਮਲਾ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ।
ਜਾਂਚ ਦੌਰਾਨ ਪੁਲਿਸ ਇਹ ਸਮਝਣ ਤੋਂ ਅਸਮਰੱਥ ਹੈ ਕਿ ਕਿਵੇਂ 19 ਸਾਲਾ ਗੁਰਸਿਮਰਨ ਵਾਲਮਾਰਟ ਦੇ ਵੱਡੇ ਓਵਨ ਦੇ ਅੰਦਰ ਗਈ, ਜਿਸ ਕਾਰਨ ਉਹ ਝੁਲਸ ਗਈ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਗੁਰਸਿਮਰਨ ਕੌਰ ਦੀ ਸੜੀ ਹੋਈ ਲਾਸ਼ ਸ਼ਨੀਵਾਰ ਸ਼ਾਮ ਪੂਰਬੀ ਕੈਨੇਡਾ ਦੇ ਨੋਵਾ ਸਕੋਸ਼ੀਆ ਦੇ ਹੈਲੀਫੈਕਸ 'ਚ ਵਾਲਮਾਰਟ ਦੇ ਬੇਕਰੀ ਵਿਭਾਗ ਦੇ ਓਵਨ 'ਚੋਂ ਮਿਲੀ ਸੀ।
ਦਰਅਸਲ, ਗੁਰਸਿਮਰਨ ਕੌਰ ਅਤੇ ਉਸਦੀ ਮਾਂ ਦੋਵੇਂ ਵਾਲਮਾਰਟ ਵਿੱਚ ਕੰਮ ਕਰਦੀਆਂ ਸਨ। ਸ਼ਨੀਵਾਰ ਨੂੰ ਵਾਲਮਾਰਟ 'ਤੇ ਆਪਣੀ ਧੀ ਦੇ ਨਾ ਮਿਲਣ ਤੋਂ ਬਾਅਦ ਉਸਦੀ ਮਾਂ ਪੂਰੇ ਮਾਰਟ ਵਿੱਚ ਉਸਨੂੰ ਲੱਭਣ ਲਈ ਨਿਕਲ ਗਈ। ਇਸ ਦੌਰਾਨ ਉਹ ਮਾਰਟ ਦੇ ਮੁਲਾਜ਼ਮਾਂ ਨੂੰ ਆਪਣੀ ਧੀ ਬਾਰੇ ਪੁੱਛਦੀ ਰਹੀ। ਕੁਝ ਘੰਟਿਆਂ ਬਾਅਦ ਉਸ ਦੀ ਸੜੀ ਹੋਈ ਲਾਸ਼ ਵਾਕ-ਇਨ-ਓਵਨ ਦੇ ਅੰਦਰ ਮਿਲੀ।
ਮ੍ਰਿਤਕ ਗੁਰਸਿਮਰਨ ਕੌਰ 19 ਸਾਲਾ ਲੜਕੀ ਮੂਲ ਰੂਪ ਤੋਂ ਗੁਰੂ ਨਾਨਕ ਨਗਰ, ਜਲੰਧਰ ਦੀ ਰਹਿਣ ਵਾਲੀ ਸੀ। ਗੁਰਸਿਮਰਨ ਅਤੇ ਉਸ ਦੀ ਮਾਂ ਤਿੰਨ ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਗਏ ਸਨ। ਜਿੱਥੇ ਮਾਂ-ਧੀ ਦੋਵੇਂ ਵਾਲਮਾਰਟ ਵਿੱਚ ਇਕੱਠੇ ਕੰਮ ਕਰਦੀਆਂ ਸਨ। ਇਸ ਦੇ ਨਾਲ ਹੀ ਉਸ ਦੇ ਪਿਤਾ ਤੇ ਭਰਾ ਦੋਵੇਂ ਇਸ ਸਮੇਂ ਭਾਰਤ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਉਹ ਕੈਨੇਡਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹੈਲੀਫੈਕਸ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 9:30 ਵਜੇ ਵਾਲਮਾਰਟ ਦੀ ਬੇਕਰੀ ਦੇ ਓਵਨ 'ਚ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਹੈਲੀਫੈਕਸ ਪੁਲਿਸ ਦੇ ਪਹੁੰਚਣ ਤੱਕ ਗੁਰਸਿਮਰਨ ਦੀ ਲਾਸ਼ ਨੂੰ ਓਵਨ 'ਚੋਂ ਬਾਹਰ ਕੱਢ ਲਿਆ ਗਿਆ ਸੀ। ਇਸ ਦੇ ਨਾਲ ਹੀ, ਸੀਬੀਸੀ ਨਿਊਜ਼ ਦੇ ਅਨੁਸਾਰ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਗੁਰਸਿਮਰਨ ਉਸ ਵਾਕ-ਇਨ-ਓਵਨ ਵਿੱਚ ਕਿਵੇਂ ਫਸੀ, ਕਿਉਂਕਿ ਇਹ ਓਵਨ ਬਾਹਰੋਂ ਬੰਦ ਨਹੀਂ ਕੀਤਾ ਜਾ ਸਕਦਾ ਹੈ।