Captain Amarinder meeting CM Bhagwant Mann: ਕੈਪਟਨ ਅਮਰਿੰਦਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ, ਸੌਂਪ ਸਕਦੇ ਸਾਬਕਾ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਲਿਸਟ
Punjab News: ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਕੋਲ ਰੇਤ ਦੀ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਵਾਂ ਦੀ ਸੂਚੀ ਹੈ। ਜੇਕਰ ਸੀ.ਐਮ.ਭਗਵੰਤ ਮਾਨ ਪੁੱਛਣਗੇ ਤਾਂ ਉਹ ਪੂਰੀ ਸੂਚੀ ਜ਼ਰੂਰ ਸੌਂਪ ਦੇਣਗੇ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ। ਜਿਸ ਤੋਂ ਬਾਅਦ ਚਰਚਾ ਛਿੱੜ ਗਈ ਹੈ ਕਿ ਕੈਪਟਨ ਸਾਬਕਾ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਸੂਚੀ ਸੀਐਮ ਮਾਨ ਨੂੰ ਸੌਂਪ ਸਕਦੇ ਹਨ। ਦੱਸ ਦਈਏ ਕਿ ਹਾਲ ਹੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਸਿਹਤ ਮੰਤਰੀ ਨੂੰ ਭ੍ਰਿਸ਼ਟਚਾਰ ਦੇ ਦੋਸ਼ਾਂ ਕਰਕੇ ਮੰਤਰੀ ਮੰਡਲ ਚੋਂ ਬਾਹਰ ਦਾ ਰਾਹ ਦਿੱਖਾ ਦਿੱਤਾ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਮਾਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਸਾਬਕਾ ਸੀਐਮ ਨੇ ਕਿਹਾ ਕਿ ਜੇਕਰ ਮਾਨ ਕਹਿਣਗੇ ਤਾਂ ਉਹ ਸਾਬਕਾ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦੇ ਨਾਂਅ ਵੀ ਮਾਨ ਸਰਕਾਰ ਨੂੰ ਜ਼ਰੂਰ ਸੌਂਪਣਗੇ। ਹੁਣ ਮਾਨ ਅਤੇ ਕੈਪਟਨ ਦੀ ਮੁਲਾਕਾਤ ਨਾਲ ਭ੍ਰਿਸ਼ਟ ਮੰਤਰੀਆਂ ਦੀ ਲਿਸਟ ਦੀ ਚਰਚਾ ਸ਼ੁਰੂ ਹੋ ਗਈ ਹੈ। ਖਾਸ ਤੌਰ 'ਤੇ ਜਿਹੜੇ ਲੋਕ ਪਿਛਲੀ ਸਰਕਾਰ 'ਚ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਸੀ।
ਕੈਪਟਨ ਦੀ ਇਸ ਬਾਜ਼ੀ ਨੇ ਕੁਝ ਕਾਂਗਰਸੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕੈਪਟਨ ਉਨ੍ਹਾਂ ਦਾ ਨਾਂ ਨਾ ਦੇ ਦੇਣ। ਇਹ ਡਰ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਸੀਐਮ ਮਾਨ ਨੇ ਆਪਣੇ ਮੰਤਰੀ ਮੰਡਲ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬਰਖਾਸਤ ਕਰ ਦਿੱਤਾ ਹੈ ਅਤੇ ਹੁਣ ਸਿੰਗਲਾ ਰੋਪੜ ਜੇਲ੍ਹ ਵਿੱਚ ਹੈ।
ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਤੇ ਸੀਐਮ ਮਾਨ ਵਿਚਾਲੇ ਮੀਟਿੰਗ ਹੋਵੇਗੀ ਤਾਂ ਭ੍ਰਿਸ਼ਟ ਮੰਤਰੀਆਂ ਬਾਰੇ ਜ਼ਰੂਰ ਚਰਚਾ ਹੋਵੇਗੀ।
ਇਹ ਵੀ ਪੜ੍ਹੋ: Illegal Mining in Punjab: ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਕਿਹਾ-ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਹੋਈ ਖ਼ਤਮ