ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਕੇਂਦਰ ਕਰੇ ਪਾਕਿ ਨਾਲ ਗੱਲਬਾਤ: ਕੈਪਟਨ

ਚੰਡੀਗੜ੍ਹ: ਭਾਰਤ ਵੱਲੋਂ ਪਾਕਿਸਤਾਨ ਨਾਲ ਦੋ-ਪੱਖੀ ਗੱਲਬਾਤ ਨੂੰ ਰੱਦ ਕਰਨ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲਬਾਤ ਦਾ ਮੁੱਦਾ ਠੰਢੇ ਬਸਤੇ 'ਚ ਪੈ ਗਿਆ ਹੈ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਸਿਤਾਨ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨ। ਕੈਪਟਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਦਾ ਮਾਮਲਾ ਕੇਂਦਰ ਸਰਕਾਰ ਨੂੰ ਛੇਤੀ ਹੱਲ ਕਰਾਉਣਾ ਚਾਹੀਦਾ ਹੈ।
ਕੈਪਟਨ ਨੇ ਕਿਹਾ ਕਿ ਇਸ ਮੁੱਦੇ 'ਤੇ ਭਾਰਤ- ਪਾਕਿਸਤਾਨ ਨੂੰ ਹਾਂ-ਪੱਖੀ ਰਵੱਈਆ ਅਪਣਾਉਂਦਿਆਂ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਸਬੰਧੀ ਉਹ ਨਿਜੀ ਤੌਰ ’ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਨੂੰ ਮਿਲ ਕੇ ਪਾਕਿਸਤਾਨ ਨਾਲ ਇਹ ਮੁੱਦਾ ਵਿਚਾਰਨ ਦੀ ਬੇਨਤੀ ਕਰ ਚੁੱਕੇ ਹਨ।
ਕੈਪਟਨ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਕੈਪਟਨ ਨੇ ਕਿਹਾ ਕਿ ਸਾਲ 2002 ਤੋਂ 2007 ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਰਹਿੰਦਿਆਂ ਪਾਕਿਸਤਾਨ ਦੌਰੇ ਦੌਰਾਨ ਵੀ ਉਨ੍ਹਾਂ ਇਹ ਮੁੱਦਾ ਚੁੱਕਿਆ ਸੀ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਨਿਗਰਾਨੀ ਲਈ ਬਣਾਈ ਕਾਰਜਕਾਰੀ ਕਮੇਟੀ ਨੇ ਇਤਿਹਾਸਕ ਸ਼ਹਿਰਾਂ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਮਾਗਮਾਂ ਲਈ ਕੇਂਦਰ ਨੇ ਗ੍ਰਹਿ ਮੰਤਰੀ ਦੀ ਅਗਵਾਈ ਵਿੱਚ ਕਮੇਟੀ ਬਣਾਈ ਹੈ।






















