ਪੰਜਾਬ ਦੇ ਸਾਬਕਾ DIG ਨੂੰ CBI ਨੇ ਰਿਮਾਂਡ 'ਤੇ ਲਿਆ, ਵਿਜੀਲੈਂਸ ਨੇ ਵੀ ਪ੍ਰੋਡਕਸ਼ਨ ਵਾਰੰਟ ਮੰਗਿਆ, ਕਿਹਾ ਭੁੱਲਰ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ
ਰਿਸ਼ਵਤਖੋਰੀ ਮਾਮਲੇ 'ਚ ਫੜੇ ਗਏ ਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ CBI ਨੇ 5 ਦਿਨਾਂ ਦੇ ਰਿਮਾਂਡ 'ਤੇ ਲੈ ਲਿਆ ਹੈ। ਸ਼ਨੀਵਾਰ ਨੂੰ ਸੁਣਵਾਈ ਦੌਰਾਨ ਚੰਡੀਗੜ੍ਹ CBI ਅਦਾਲਤ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ।

ਰਿਸ਼ਵਤਖੋਰੀ ਮਾਮਲੇ 'ਚ ਫੜੇ ਗਏ ਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ CBI ਨੇ 5 ਦਿਨਾਂ ਦੇ ਰਿਮਾਂਡ 'ਤੇ ਲੈ ਲਿਆ ਹੈ। ਸ਼ਨੀਵਾਰ ਨੂੰ ਸੁਣਵਾਈ ਦੌਰਾਨ ਚੰਡੀਗੜ੍ਹ CBI ਅਦਾਲਤ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ। ਸ਼ੁੱਕਰਵਾਰ ਨੂੰ CBI ਵੱਲੋਂ ਸਾਬਕਾ DIG ਨੂੰ ਰਿਮਾਂਡ 'ਤੇ ਲੈਣ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਭੁੱਲਰ ਦੇ ਵਕੀਲ HS ਧਨੋਹਾ ਅਤੇ RPS ਬਾਰਾ ਨੇ ਇਸ ਦਾ ਵਿਰੋਧ ਕੀਤਾ, ਪਰ CBI ਨੇ ਤਰਕ ਦਿੱਤਾ ਕਿ ਉਨ੍ਹਾਂ ਨੂੰ ਹੋਰ ਸਬੂਤ ਇਕੱਠੇ ਕਰਨੇ ਹਨ।
ਭੁੱਲਰ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ-CBI
ਇਸੇ ਦੌਰਾਨ, ਸ਼ਨੀਵਾਰ ਸਵੇਰੇ ਹੀ ਵਿਜੀਲੈਂਸ ਨੇ ਵੀ ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਭੁੱਲਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਲਈ ਮੋਹਾਲੀ ਅਦਾਲਤ 'ਚ ਅਰਜ਼ੀ ਦਾਇਰ ਕੀਤੀ। ਵਿਜੀਲੈਂਸ ਦਾ ਕਹਿਣਾ ਹੈ ਕਿ ਭੁੱਲਰ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ, ਇਸ ਲਈ ਰਿਮਾਂਡ ਦੀ ਲੋੜ ਹੈ।
ਅਦਾਲਤ ਵਿਚ ਸੁਣਵਾਈ ਦੌਰਾਨ CBI ਦੇ ਵਕੀਲ ਨੇ ਦਲੀਲ ਦਿੱਤੀ ਕਿ ਵਿਜੀਲੈਂਸ ਨੇ ਸਿਰਫ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ। ਜੇ ਸੰਪਤੀ ਦੀ ਜਾਂਚ ਕਰਨੀ ਹੈ ਤਾਂ ਉਹ ਜੇਲ੍ਹ ਵਿੱਚ ਆ ਕੇ ਵੀ ਪੁੱਛਗਿੱਛ ਕਰ ਸਕਦੀ ਹੈ, ਇਸ ਲਈ ਰਿਮਾਂਡ ਦੀ ਲੋੜ ਨਹੀਂ। ਇਸ 'ਤੇ ਅਦਾਲਤ ਨੇ ਕਿਹਾ ਕਿ 3 ਨਵੰਬਰ ਨੂੰ ਵਿਸਤਾਰ ਨਾਲ ਜਵਾਬ ਦਿਓ।
ਵਿਜੀਲੈਂਸ ਨੇ 29 ਅਕਤੂਬਰ ਨੂੰ ਇਹ ਕੇਸ ਦਰਜ ਕੀਤਾ ਸੀ
ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਦੌਰਾਨ ਭੁੱਲਰ ਦੀ ਧੀ ਵੀ ਮੌਜੂਦ ਰਹੀ। ਅਦਾਲਤ ਤੋਂ ਬਾਹਰ ਨਿਕਲਦੇ ਸਮੇਂ ਭੁੱਲਰ ਨੇ ਆਪਣੀ ਧੀ ਨੂੰ ਗਲੇ ਲਾਇਆ ਅਤੇ ਕੁਝ ਸਮੇਂ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਦੇ ਹੇਠਾਂ ਬਕਸ਼ੀਖਾਨੇ ਵਿੱਚ ਲਿਜਾਇਆ ਗਿਆ।
CBI ਅਦਾਲਤ ਵਿੱਚ ਵਕੀਲਾਂ ਵੱਲੋਂ ਕੀਤੀਆਂ ਗਈਆਂ ਦਲੀਲਾਂ…
CBI ਨੇ ਅਦਾਲਤ ਵਿੱਚ ਕਿਹਾ ਕਿ ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਮੋਬਾਈਲ ਚੈਟ ਵਿਚੋਂ ਕਈ ਅਹਿਮ ਸਬੂਤ ਮਿਲੇ ਹਨ। CBI ਦੇ ਵਕੀਲ ਨਰਿੰਦਰ ਸਿੰਘ ਨੇ ਦੱਸਿਆ ਕਿ ਫ਼ੋਨ ਚੈਟਾਂ ਵਿੱਚੋਂ ਕਈ ਅਹਿਮ ਗੱਲਾਂ ਸਾਹਮਣੇ ਆਈਆਂ ਹਨ, ਜਿਹਨਾਂ ਤੋਂ ਰਿਸ਼ਵਤਖੋਰੀ ਦੇ ਇੱਕ ਨਿਰਧਾਰਤ ਪੈਟਰਨ ਦਾ ਸੰਕੇਤ ਮਿਲਦਾ ਹੈ।
ਨਰਿੰਦਰ ਸਿੰਘ ਨੇ ਕਿਹਾ ਕਿ ਕੁਝ ਇਲੈਕਟ੍ਰਾਨਿਕ ਡਿਵਾਈਸ ਭੁੱਲਰ ਨੇ ਛੁਪਾਏ ਹੋਏ ਹਨ, ਜਿਨ੍ਹਾਂ ਨੂੰ ਬਰਾਮਦ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪੈਸੇ ਦੇ ਲੈਣ-ਦੇਣ ਦੀ ਜਾਂਚ ਵੀ ਬਾਕੀ ਹੈ।
ਦੂਜੇ ਪਾਸੇ, ਭੁੱਲਰ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ CBI ਨੇ ਭੁੱਲਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ, ਜੋ ਕਾਨੂੰਨੀ ਤੌਰ 'ਤੇ ਗਲਤ ਹੈ।
ਰਿਸ਼ਵਤ ਮਾਮਲੇ 'ਚ ਨੋਟਿਸ ਦੀ ਲੋੜ ਨਹੀਂ
ਇਸ ਦਲੀਲ 'ਤੇ CBI ਦੇ ਵਕੀਲ ਨੇ ਕਿਹਾ ਕਿ ਇਹ ਰਿਸ਼ਵਤਖੋਰੀ ਦਾ ਮਾਮਲਾ ਹੈ ਅਤੇ ਕਈ ਧਾਰਾਵਾਂ ਹੇਠ ਦਰਜ ਕੀਤਾ ਗਿਆ ਹੈ, ਇਸ ਲਈ ਇਸ ਵਿੱਚ ਨੋਟਿਸ ਦੇਣ ਦੀ ਕੋਈ ਲੋੜ ਨਹੀਂ ਹੁੰਦੀ।
ਸਾਬਕਾ DIG ਦੇ ਵਕੀਲ ਨੇ ਕਿਹਾ ਕਿ ਭੁੱਲਰ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ, ਪਰ CBI ਨੇ ਵਿਚਕਾਰ ਹੀ ਅਰਜ਼ੀ ਦਾਇਰ ਕਰ ਦਿੱਤੀ।
ਵਿਚੋਲੀਆ ਤੋਂ ਮਿਲੇ ਸਬੂਤਾਂ 'ਤੇ ਭੁੱਲਰ ਦੀ ਰਿਮਾਂਡ ਮੰਗੀ ਗਈ
ਇਸ ਬਾਰੇ CBI ਦੇ ਵਕੀਲ ਨੇ ਦੱਸਿਆ ਕਿ ਵਿਚੋਲੀਆ ਕ੍ਰਿਸ਼ਨੂੰ ਦੀ ਰਿਮਾਂਡ ਦੌਰਾਨ ਕੁਝ ਅਹਿਮ ਸਬੂਤ ਮਿਲੇ ਹਨ। ਇਸ ਕਰਕੇ ਭੁੱਲਰ ਨੂੰ ਰਿਮਾਂਡ 'ਤੇ ਲੈਣਾ ਜ਼ਰੂਰੀ ਹੈ ਤਾਂ ਜੋ ਜਾਂਚ ਅੱਗੇ ਵਧ ਸਕੇ। ਸਾਬਕਾ DIG ਅਤੇ ਕ੍ਰਿਸ਼ਨੂ ਨੂੰ ਆਹਮਣੇ- ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ। ਕ੍ਰਿਸ਼ਨੂੰ ਪਹਿਲਾਂ ਹੀ CBI ਦੀ ਹਿਰਾਸਤ ਵਿੱਚ ਹੈ।
CBI ਨੇ 3 ਦਿਨ ਪਹਿਲਾਂ ਦਰਜ ਕੀਤਾ ਸੀ ਮਾਮਲਾ
CBI ਨੇ 29 ਅਕਤੂਬਰ ਨੂੰ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਰੱਖਣ ਦਾ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ 'ਚ ਲਿਖਿਆ ਗਿਆ ਕਿ ਭੁੱਲਰ ਨੇ ਕੁਝ ਅਣਪਛਾਤੇ ਲੋਕਾਂ ਨਾਲ ਮਿਲੀਭੁਗਤ ਕਰਕੇ ਆਪਣੀ ਆਮਦਨ ਤੋਂ ਵੱਧ ਸੰਪਤੀ ਇਕੱਠੀ ਕੀਤੀ। ਉਹ ਆਪਣੇ ਸਰੋਤਾਂ ਤੋਂ ਵੱਧ ਦੌਲਤ ਦਾ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕਿਆ।






















