Chandigarh News: ਚੰਡੀਗੜ੍ਹੀਆਂ ਨੂੰ ਵੱਡੀ ਰਾਹਤ! ਫਲੈਟਾਂ 'ਚ ਕੀਤੀ ਵਾਧੂ ਉਸਾਰੀ 'ਤੇ ਨਹੀਂ ਹੋਏਗੀ ਕਾਰਵਾਈ, ਰੈਗੂਲਰ ਕਰਨ ਦੀ ਮਿਲੀ ਪ੍ਰਵਾਨਗੀ
Chandigarh News: ਚੰਡੀਗੜ੍ਹੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜਿਸ ਕਿਸੇ ਨੇ ਵੀ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਮਾੜੀ-ਮੋਟੀ ਉਸਾਰੀ ਕੀਤੀ ਹੈ, ਉਸ ਖਿਲਾਫ ਹੁਣ ਕਾਰਵਾਈ ਨਹੀਂ ਹੋਏਗੀ।
Chandigarh News: ਚੰਡੀਗੜ੍ਹੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜਿਸ ਕਿਸੇ ਨੇ ਵੀ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਮਾੜੀ-ਮੋਟੀ ਉਸਾਰੀ ਕੀਤੀ ਹੈ, ਉਸ ਖਿਲਾਫ ਹੁਣ ਕਾਰਵਾਈ ਨਹੀਂ ਹੋਏਗੀ। ਚੰਡੀਗੜ੍ਹ ਪ੍ਰਸ਼ਾਸਕ ਨੇ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਪ੍ਰਸ਼ਾਸਕ ਦੇ ਸਲਾਹਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰਸ਼ਾਸਨ ਨੇ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਕੁਝ ਕੁ ਉਸਾਰੀਆਂ ਨੂੰ ਬੋਰਡ ਦੀਆਂ ਸ਼ਰਤਾਂ ਅਨੁਸਾਰ ਰੈਗੂਲਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਬਾਰੇ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਨੋਟੀਫਿਕੇਸ਼ਨ ਦੀ ਕਾਪੀ ਜਾਰੀ ਕਰਦਿਆਂ ਕਿਹਾ ਕਿ ਬੋਰਡ ਦੇ ਫਲੈਟਾਂ ਵਿੱਚ ਸ਼ਰਤਾਂ ਅਨੁਸਾਰ ਫਲੈਟਾਂ ਦੇ ਸਾਹਮਣੇ ਤੇ ਪਿਛਲੇ ਪਾਸੇ ਵਿਹੜੇ ਦੀ ਪੂਰੀ ਚੌੜਾਈ ਦੇ ਨਾਲ-ਨਾਲ 3 ਫੁੱਟ ਦੀਆਂ ਬਾਲਕੋਨੀਆਂ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਫਲੈਟਾਂ ਦੇ ਅੰਦਰ ਸਾਢੇ ਚਾਰ ਇੰਚ ਦੀ ਕੰਧ ਨੂੰ ਹਟਾਇਆ ਜਾ ਸਕਦਾ ਹੈ, ਪਰ ਇਸ ਤੋਂ ਮੋਟੀਆਂ ਕੰਧਾਂ ਨੂੰ ਹਟਾਇਆ ਨਹੀਂ ਜਾ ਸਕਦਾ।
ਬੋਰਡ ਦੇ ਇੰਡੀਪੈਂਡੈਂਟ ਫਲੈਟਾਂ ਵਿੱਚ ਸਾਢੇ ਚਾਰ ਇੰਚ ਤੋਂ ਵੱਧ ਮੋਟੀ ਕੰਧ ਨੂੰ ਹਟਾਉਣ ਦੀ ਇਜਾਜ਼ਤ ਚੰਡੀਗੜ੍ਹ ਪ੍ਰਸ਼ਾਸਨ ਦੇ ਸੂਚੀਬੱਧ ਸਟ੍ਰੱਕਚਰ ਇੰਜਨੀਅਰ ਤੋਂ ‘ਢਾਂਚਾਗਤ ਸਥਿਰਤਾ’ ਦਾ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਅਧੀਨ ਦਿੱਤੀ ਜਾ ਸਕਦੀ ਹੈ। ਬੋਰਡ ਵੱਲੋਂ ਫਲੈਟਾਂ ਵਿੱਚ ਸਿਰਫ ਫਲੈਟਾਂ ਦੇ ਮੁੱਖ ਅੰਦਰੂਨੀ ਪ੍ਰਵੇਸ਼ ਵਾਲੇ ਹਿੱਸੇ ’ਤੇ ਟਾਈਲਾਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤਰ੍ਹਾਂ ਸਟੀਲ ਪਾਈਪ ਫਰੇਮ ਵਾਲੇ ਅਸਥਾਈ ਕਾਰ ਸ਼ੈੱਡ ਅਤੇ ਪਾਰਦਰਸ਼ਤਾ ਵਾਲੇ ਪੌਲੀਕਾਰਬੋਨੇਟ ਸ਼ੀਟ/ਫਾਈਬਰ ਗਲਾਸ ਕਵਰ ਨੂੰ ਸਿਰਫ ਚਾਰਦੀਵਾਰੀ ਦੇ ਅੰਦਰ ਅਤੇ ਔਸਤਨ ਔਸਤ ਉਚਾਈ ਤੱਕ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਬਲਾਕ ਦੇ ਸਾਰੇ ਅਲਾਟੀਆਂ ਦੀ ਸਹਿਮਤੀ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪੈਨਲ ਤੇ ਸਟ੍ਰੱਕਚਰਲ ਇੰਜਨੀਅਰ ਤੋਂ ਬੋਰਡ ਦੇ ਇਮਾਰਤ ਦੀ ਮਜ਼ਬੂਤੀ ਸਬੰਧੀ ਸਰਟੀਫਿਕੇਟ ਦੇ ਅਧੀਨ ਫਲੈਟਾਂ ਦੀ ਛੱਤ ’ਤੇ ਸੋਲਰ ਪੈਨਲ ਅਲਾਟੀਆਂ ਵੱਲੋਂ ਲਗਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਬੋਰਡ ਵੱਲੋਂ ਫਲੈਟਾਂ ਦੀ ਕੈਟੇਗਰੀ ਅਨੁਸਾਰ ਹੋਰ ਵੀ ਲੋੜ ਅਨੁਸਾਰ ਕੀਤੀਆਂ ਗਈਆਂ ਤਬਦੀਲੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਤਬਦੀਲੀਆਂ ਨੂੰ ਬੋਰਡ ਦੀਆਂ ਸ਼ਰਤਾਂ ਅਤੇ ਨਿਰਧਾਰਤ ਕੀਤੀ ਗਈ ਫੀਸ ਤੋਂ ਬਾਅਦ ਰੈਗੂਲਰ ਕਰਵਾਇਆ ਜਾ ਸਕਦਾ ਹੈ।