Chandigarh News: ਤਿੰਨ ਸਾਲ ਚੱਲਿਆ ਨੌਜਵਾਨ ਦੇ ਕਤਲ ਦਾ ਮੁਕੱਦਮਾ, ਪੁਲਿਸ ਸਬੂਤ ਹੀ ਪੇਸ਼ ਨਹੀਂ ਕਰ ਸਕੀ, ਆਖਰ ਨੌਂ ਮੁਲਜ਼ਮ ਹੋ ਗਏ ਬਰੀ
Chandigarh News: ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਕਰੀਬ ਤਿੰਨ ਸਾਲ ਪੁਰਾਣੇ ਨੌਜਵਾਨ ਦੇ ਕਤਲ ਕੇਸ ਦਾ ਨਿਬੇੜਾ ਕਰਦਿਆਂ 9 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।
Chandigarh News: ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਕਰੀਬ ਤਿੰਨ ਸਾਲ ਪੁਰਾਣੇ ਨੌਜਵਾਨ ਦੇ ਕਤਲ ਕੇਸ ਦਾ ਨਿਬੇੜਾ ਕਰਦਿਆਂ 9 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਹ ਮੁਲਜ਼ਮ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ। ਇਸ ਕਾਰਨ ਜ਼ਿਆਦਾਤਰ ਮੁਲਜ਼ਮਾਂ ਦੀ ਪੇਸ਼ੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀ ਸੀ। ਵੀਰਵਾਰ ਨੂੰ ਵੀ ਸਿਰਫ਼ ਇੱਕ ਮੁਲਜ਼ਮ ਰੋਹਿਤ ਸੇਠੀ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਨੇ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ।
ਹਾਸਲ ਜਾਣਕਾਰੀ ਅਨੁਸਾਰ 7 ਨਵੰਬਰ 2019 ਨੂੰ ਖਰੜ ਵਿੱਚ ਦਰਪਨ ਸਿਟੀ ਦੇ ਗੇਟ ਨੇੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਇੰਦਰਜੀਤ ਸਿੰਘ (25) ਵਾਸੀ ਗੁਰੂ ਨਾਨਕ ਪੁਰਾ, ਫਿਰੋਜ਼ਪੁਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਇਸ ਵਾਰਦਾਤ ਤੋਂ ਤਿੰਨ ਦਿਨ ਪਹਿਲਾਂ ਹੀ ਦਰਪਨ ਸਿਟੀ ਵਿੱਚ ਰਹਿੰਦੇ ਆਪਣੇ ਦੋ ਦੋਸਤਾਂ ਕੋਲ ਰਹਿਣ ਲਈ ਆਇਆ ਸੀ। ਵਾਰਦਾਤ ਵਾਲੇ ਦਿਨ ਦੁਪਹਿਰ ਵੇਲੇ ਉਹ ਆਪਣੇ ਦੋ ਦੋਸਤਾਂ ਨਾਲ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਚੰਡੀਗੜ੍ਹ ਜਾ ਰਿਹਾ ਸੀ।
ਰਸਤੇ ਵਿੱਚ ਮੋੜ ’ਤੇ ਪਹਿਲਾਂ ਤੋਂ ਘਾਤ ਲਗਾ ਕੇ ਖੜੇ ਕਾਰ ਸਵਾਰਾਂ ਨੇ ਮੋਟਰਸਾਈਕਲ ਨੂੰ ਰੋਕ ਕੇ ਇੰਦਰਜੀਤ ਨੂੰ ਥੱਲੇ ਉਤਾਰਿਆਂ ਅਤੇ ਦੇਖਦੇ ਹੀ ਦੇਖਦੇ ਉਸ ਦੇ ਸਿਰ ਤੇ ਪੇਟ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਬਲਵੀਰ ਸਿੰਘ ਵਾਸੀ ਫਿਰੋਜ਼ਪੁਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਖਰੜ ਸਿਟੀ ਥਾਣੇ ਵਿੱਚ ਧਾਰਾ 302, 120ਬੀ ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਹਾਲਾਂਕਿ ਜਾਂਚ ਟੀਮ ਨੇ ਜਾਂਚ-ਪੜਤਾਲ ਕਰਦਿਆਂ ਅਵਿਨਾਸ਼ ਚੋਪੜਾ ਉਰਫ਼ ਅਸੀਸ ਚੋਪੜਾ, ਹਰਪ੍ਰੀਤ ਸਿੰਘ ਹੈਪੀ, ਅਮਰਜੀਤ ਸਿੰਘ, ਮਨਜੀਤ ਸਿੰਘ, ਮੇਜਰ ਸਿੰਘ ਉਰਫ਼ ਬਾਬਾ, ਦਿਲਪ੍ਰੀਤ ਸਿੰਘ ਲੱਲੀ, ਗਗਨਪ੍ਰੀਤ ਸਿੰਘ, ਰੋਹਿਤ ਸੇਠੀ ਅਤੇ ਅਜੇ ਕੁਮਾਰ ਸਾਰੇ ਵਾਸੀ ਫਿਰੋਜ਼ਪੁਰ ਨੂੰ ਨੌਜਵਾਨ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਪਰ ਸੁਣਵਾਈ ਦੌਰਾਨ ਖਰੜ ਪੁਲਿਸ ਉਕਤ ਮੁਲਜ਼ਮਾਂ ਖ਼ਿਲਾਫ਼ ਕੋਈ ਠੋਸ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ। ਇਸ ਕਾਰਨ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਨੇ ਉਕਤ ਸਾਰੇ ਮੁਲਜ਼ਮਾਂ ਨੂੰ ਬੇਕਸੂਰ ਮੰਨਦਿਆਂ ਬਰੀ ਕਰ ਦਿੱਤਾ।