ਹਿਮਾਚਲ 'ਚ NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, ਕਾਰਵਾਈ ਦੀ ਕੀਤੀ ਮੰਗ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਭਾਰਤੀ ਐਨਆਰਆਈ ਜੋੜੇ 'ਤੇ ਹੋਏ ਹਮਲੇ 'ਤੇ ਗੁੱਸਾ ਜ਼ਾਹਰ ਕੀਤਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਭਾਰਤੀ ਐਨਆਰਆਈ ਜੋੜੇ 'ਤੇ ਹੋਏ ਹਮਲੇ 'ਤੇ ਗੁੱਸਾ ਜ਼ਾਹਰ ਕੀਤਾ ਹੈ। ਇਸ ਸਬੰਧੀ ਚੰਨੀ ਨੇ ਤੁਰੰਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ।
ਸੁੱਖੂ ਨੇ ਚੰਨੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਰਹੇ ਹਨ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚੰਨੀ ਨੇ ਕਿਹਾ- ਉਕਤ ਹਮਲੇ ਰਾਹੀਂ ਪੰਜਾਬ ਅਤੇ ਹਿਮਾਚਲ 'ਚ ਰਹਿੰਦੇ ਭਰਾਵਾਂ 'ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਇੱਕ ਐਨਆਰਆਈ ਸਪੈਨਿਸ਼ ਜੋੜੇ ਜੋ ਹਿਮਾਚਲ ਦੇ ਡਲਹੌਜ਼ੀ ਵਿੱਚ ਘੁੰਮਣ ਗਏ ਸਨ ਪਾਰਕਿੰਗ ਨੂੰ ਲੈ ਕੇ 100 ਤੋਂ ਵੱਧ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਸਪੈਨਿਸ਼ ਪਤਨੀ, ਉਸ ਦਾ ਪੰਜਾਬ ਮੂਲ ਦਾ ਪਤੀ ਅਤੇ ਉਸ ਦਾ ਜੀਜਾ ਜ਼ਖ਼ਮੀ ਹੋ ਗਏ। ਜ਼ਖਮੀ NRI ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹ ਦੋ ਦਿਨ ਹਸਪਤਾਲ 'ਚ ਬੇਹੋਸ਼ ਪਿਆ ਰਿਹਾ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਸਾਰੀ ਘਟਨਾ ਬਾਰੇ ਪਤਾ ਲੱਗਾ।
ਐਨ.ਆਰ.ਆਈ ਕੰਵਲਜੀਤ ਸਿੰਘ ਦੀ ਸਪੈਨਿਸ਼ ਪਤਨੀ ਨੇ ਦੱਸਿਆ ਕਿ ਉਹ ਹਿਮਾਚਲ ਘੁੰਮਣ ਗਏ ਸਨ, ਜਿੱਥੇ ਇਹ ਸਾਰੀ ਘਟਨਾ ਵਾਪਰੀ। ਸਪੈਨਿਸ਼ ਔਰਤ ਨੇ ਕਿਹਾ ਕਿ ਸਾਡੀ ਇੱਥੇ ਕੋਈ ਸੁਰੱਖਿਆ ਨਹੀਂ ਹੈ। ਸਾਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਸਾਨੂੰ ਕਿਸੇ ਨੇ ਨਹੀਂ ਬਚਾਇਆ।
ਔਰਤ ਨੇ ਦੱਸਿਆ ਕਿ ਉਸ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਸੀ, ਜਿਸ ਨੂੰ ਹਿਮਾਚਲ ਪੁਲਿਸ ਨੇ ਉਸ ਦੇ ਮੋਬਾਈਲ ਫ਼ੋਨ ਤੋਂ ਡਿਲੀਟ ਕਰ ਦਿੱਤਾ ਸੀ। ਔਰਤ ਨੇ ਦੱਸਿਆ ਕਿ ਪੁਲਿਸ ਦੇ ਦਖਲ ਕਾਰਨ ਉਸ ਦਾ ਬਚਾਅ ਹੋ ਗਿਆ, ਪਰ ਉਸ ਦੀ ਆਵਾਜ਼ ਨਹੀਂ ਸੁਣੀ ਗਈ।