Punjab News: CM ਮਾਨ ਦਾ ਦਾਅਵਾ, ‘ਵਤਨ ਵਾਪਸੀ’ ਦਾ ਦੌਰ ਹੋਇਆ ਸ਼ੁਰੂ, ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਪਾਖੰਡ
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਐਨ.ਆਰ.ਆਈ. ਨੂੰ ਅਫਸਰਸ਼ਾਹੀ ਦੇ ਹੱਥੋਂ ਜ਼ਲਾਲਤ ਸਹਿਣੀ ਪੈਂਦੀ ਸੀ। ਉਂਜ, ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਪਰਵਾਸੀ ਭਾਰਤੀਆਂ ਦੀ ਭਲਾਈ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਸ਼ਵ ਭਰ ਵਿੱਚ ਵਸਦੇ ਐਨ.ਆਰ.ਆਈ. ਭਾਈਚਾਰੇ ਨੂੰ ਪੰਜਾਬ ਦੇ ਅਰਥਚਾਰੇ ਨੂੰ ਦੁਨੀਆ ਦੇ ਮੋਹਰੀ ਸੂਬੇ ਵਜੋਂ ਉਭਾਰਨ ਲਈ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਐਨ.ਆਰ.ਆਈ. ਨੂੰ ਅਫਸਰਸ਼ਾਹੀ ਦੇ ਹੱਥੋਂ ਜ਼ਲਾਲਤ ਸਹਿਣੀ ਪੈਂਦੀ ਸੀ। ਉਂਜ, ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਪਰਵਾਸੀ ਭਾਰਤੀਆਂ ਦੀ ਭਲਾਈ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਸੂਬੇ ਵਿੱਚ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸਿਰਫ਼ ਸ਼ੁਰੂਆਤ ਹੈ ਕਿਉਂਕਿ ਪਰਵਾਸੀ ਭਾਰਤੀਆਂ ਦਾ ਮਾਣ ਬਹਾਲ ਕਰਨ ਲਈ ਬਹੁਤ ਸਾਰੇ ਹੋਰ ਲੀਹੋਂ ਹਟਵੇਂ ਕਦਮ ਚੁੱਕੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ, “ਮੈਂ ਇਕ ਸਧਾਰਨ ਪਰਿਵਾਰ ਵਿੱਚ ਜੰਮਿਆ-ਪਲਿਆ ਹਾਂ ਜਿਸ ਕਰਕੇ ਜ਼ਮੀਨੀ ਪੱਧਰ 'ਤੇ ਚੰਗੀ ਤਰ੍ਹਾਂ ਜੁੜਿਆ ਹੋਇਆ ਹਾਂ, ਇਸ ਲਈ ਮੈਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂੰ ਹਾਂ। ਮੈਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਹੁਣ ਹਰੇਕ ਨਾਗਰਿਕ ਦੀ ਜਾਇਜ਼ ਸਮੱਸਿਆ ਦੇ ਹੱਲ ਲਈ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ ਹਾਂ।”
ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਲਈ ਕਈ ਰਾਜਦੂਤਾਂ ਅਤੇ ਕੂਟਨੀਤਿਕਾਂ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਮਕਸਦ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ ਤਾਂ ਜੋ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਮਿਲ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸੈਰ ਸਪਾਟਾ ਉਦਯੋਗ ਦੇ ਧੁਰੇ ਵਜੋਂ ਉਭਰੇਗਾ ਕਿਉਂਕਿ ਅਜਿਹੇ ਯਤਨਾਂ ਨੂੰ ਫਲ ਜ਼ਰੂਰ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਕਰਵਾਏ ਗਏ ਐਨ.ਆਰ.ਆਈ. ਸੰਮੇਲਨ ਮਹਿਜ਼ ਧੋਖਾ ਸਨ ਕਿਉਂਕਿ ਇਸ ਵਿੱਚੋਂ ਕੁਝ ਵੀ ਸਾਰਥਿਕ ਢੰਗ ਨਾਲ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਵੱਡੇ-ਵੱਡੇ ਪੈਲੇਸਾਂ ਅਤੇ ਹੋਟਲਾਂ ਵਿੱਚ ਬੁਲਾਇਆ ਜਾਂਦਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਲਾਲਤ ਸਹਿਣੀ ਪੈਂਦੀ ਸੀ ਕਿਉਂਕਿ ਕੋਈ ਵੀ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦਾ ਅਮੀਰ ਸੱਭਿਆਚਾਰਕ ਵਿਰਸਾ ਲੋਕਾਂ ਨੂੰ ਦਿਖਾਉਣ ਲਈ ਰਮਣੀਕ ਅਤੇ ਕੁਦਰਤੀ ਸੁਦੰਰਤਾ ਨਾਲ ਲਬਰੇਜ਼ ਇਸ ਸਥਾਨ 'ਤੇ ਇਹ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਇਸ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਐਨ.ਆਰ.ਆਈ. ਭਾਈਚਾਰੇ ਦੇ ਜੀਵਨ ਨੂੰ ਵਿਦੇਸ਼ਾਂ ਵਾਂਗ ਸੁਖਾਂਵਾ ਅਤੇ ਸੁਹਾਵਣਾ ਬਣਾਉਣ ਲਈ ਉਨ੍ਹਾਂ ਦੀਆਂ ਖਾਹਿਸ਼ਾਂ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਕਿ ਪੰਜਾਬ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਘਰ ਬਣਾਇਆ ਜਾ ਸਕੇ। ਮੈਨੂੰ ਪੂਰਾ ਭਰੋਸਾ ਹੈ ਕਿ 'ਵਤਨ ਵਾਪਸੀ' ਦਾ ਰੁਝਾਨ ਸ਼ੁਰੂ ਹੋ ਗਿਆ ਹੈ ਜਿਸ ਨਾਲ ਇਹ ਨਾ ਸਿਰਫ਼ ਨੌਜਵਾਨਾਂ ਖਾਸ ਕਰਕੇ ਸੁਨਹਿਰੇ ਸੁਪਨਿਆਂ ਦੀ ਭਾਲ ਵਿਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਪਰਵਾਸ ਕਰਨ ਦੇ ਉੱਭਰੇ ਰੁਝਾਨ ਨੂੰ ਠੱਲ੍ਹ ਪਏਗੀ, ਸਗੋਂ ਪਰਵਾਸੀ ਭਾਰਤੀਆਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।” ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨੂੰ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਇਸ ਨੇਕ ਕਾਰਜ ਲਈ ਕਾਰਗਰ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਆਲਮੀ ਨਿਵੇਸ਼ਕਾਰ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਕੁਝ ਵੱਡੀਆਂ ਕੰਪਨੀਆਂ ਜਿਵੇਂ ਟਾਟਾ ਸਟੀਲ ਅਤੇ ਹੋਰਾਂ ਨੇ ਸੂਬੇ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਇਹ ਸਹੀ ਦਿਸ਼ਾ ਵਿੱਚ ਜਾ ਰਿਹਾ ਕਦਮ ਹੈ।
ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਕੇ, ਪਿੰਡਾਂ ਅਤੇ ਸ਼ਹਿਰਾਂ ਨੂੰ ਗੋਦ ਲੈ ਕੇ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਯੋਗਦਾਨ ਪਾ ਕੇ ਪੰਜਾਬ ਵਿੱਚ ਚੱਲ ਰਹੇ ਬੇਮਿਸਾਲ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐਨ.ਆਰ.ਈ. ਪੰਜਾਬੀਆਂ ਨੂੰ ਜਾਣੂੰ ਕਰਵਾਇਆ ਕਿ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ, ਪ੍ਰਗਤੀਸ਼ੀਲ ਅਤੇ ਅਸਲ ਵਿੱਚ ਢੁਕਵਾਂ ਸੂਬਾ ਹੈ ਅਤੇ ਉਨ੍ਹਾਂ ਨੂੰ ਇਹ ਤੱਥ ਵਿਸ਼ਵ ਪੱਧਰ 'ਤੇ ਪ੍ਰਚਾਰਨੇ ਚਾਹੀਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਪਰਵਾਸੀ ਭਾਰਤੀਆਂ ਦੀ ਸਹਾਇਤਾ ਲਈ ਤੁਰੰਤ ਕਦਮ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਭਾਰਤੀ ਭਰਾਵਾਂ ਨੂੰ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਸਹੂਲਤ ਦੇਣ ਵਾਸਤੇ ਸੂਬਾ ਸਰਕਾਰ ਨੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨੇ ਇਸ ਵੈੱਬਸਾਈਟ ਨੂੰ ਲੀਹੋਂ ਹਟਵੀਂ ਪਹਿਲ ਦੱਸਿਆ ਜਿਸ ਦਾ ਉਦੇਸ਼ ਜਿੱਥੇ ਪਰਵਾਸੀ ਭਾਰਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ, ਉਥੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਵੈੱਬਸਾਈਟ 'ਤੇ ਐਨ.ਆਰ.ਆਈ ਪੁਲਿਸ ਵਿੰਗ, ਪੰਜਾਬ ਸਟੇਟ ਕਮਿਸ਼ਨ ਫਾਰ ਐਨ.ਆਰ.ਆਈਜ਼ ਅਤੇ ਐਨ.ਆਰ.ਆਈ. ਸਭਾ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਹੈ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਐਨ.ਆਰ.ਆਈਜ਼ ਨੂੰ ਇੱਕ ਹੋਰ ਵੱਡੀ ਰਾਹਤ ਦਿੰਦਿਆਂ ਸੂਬਾ ਸਰਕਾਰ ਨੇ ‘ਮੁੱਖ ਮੰਤਰੀ ਫੀਲਡ ਅਫਸਰਾਂ’ ਨੂੰ ਪਰਵਾਸੀ ਭਾਰਤੀਆਂ ਲਈ ਨੋਡਲ ਅਫਸਰ ਨਿਯੁਕਤ ਕੀਤਾ ਹੈ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਅਤੇ ਸਮਾਂਬੱਧ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਜ਼ਿਲ੍ਹਾ ਪੱਧਰ 'ਤੇ ਉਨ੍ਹਾਂ ਨੂੰ ਢਾਂਚਾਗਤ ਅਤੇ ਅਸਰਦਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ ਪ੍ਰਦਾਨ ਕਰਕੇ ਕੀਤਾ ਜਾਵੇ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਏਸੇ ਮੰਤਵ ਤਹਿਤ ਹੀ ਸੂਬਾ ਸਰਕਾਰ ਨੇ ਪਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ‘ਮੁੱਖ ਮੰਤਰੀ ਫੀਲਡ ਅਫਸਰਾਂ’ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।