ਕੁੜੀਆਂ ਦਾ ਵਿੱਦਿਆ ਹਾਸਲ ਕਰਨ ਲਈ ਅੱਗੇ ਆਉਣਾ ਨਵੀਂ ਜਾਗ੍ਰਿਤੀ ਦਾ ਸੂਚਕ : ਲਾਲ ਚੰਦ ਕਟਾਰੂਚੱਕ
ਸ੍ਰੀ ਕਟਾਰੂਚੱਕ ਨੇ ਕਿਹਾ ਕਿ ਕਾਲਜ ਨੂੰ ਜੋ ਵੀ ਮੁੱਦੇ ਦਰਪੇਸ਼ ਹਨ ਉਹਨਾਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗਾ। ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਕਾਲਜ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਕੋਈ ਔਕੜ ਪੇਸ਼ ਨਾ ਆਵੇ।
ਚੰਡੀਗੜ੍ਹ : ਅਜੋਕੇ ਦੌਰ ਵਿੱਚ ਕੁੜੀਆਂ ਦੀ ਹਰ ਖੇਤਰ ਵਿੱਚ ਸ਼ਮੂਲੀਅਤ ਵਧ ਰਹੀ ਹੈ ਅਤੇ ਉਹ ਵੱਖੋ-ਵੱਖ ਖੇਤਰਾਂ ਵਿੱਚ ਨਿੱਤ ਦਿਨ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀਆਂ ਹਨ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੋਟ ਜੈਮਲ ਸਿੰਘ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਅੱਜ ਇਕ ਸਮਾਗਮ ਦੌਰਾਨ ਪਹੁੰਚੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਦੌਰਾਨ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਕਾਲਜ ਦੇ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਇਸ ਕਾਲਜ ਵਿਖੇ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਵਿੱਚੋਂ 70 ਫ਼ੀਸਦੀ ਕੁੜੀਆਂ ਹਨ ਜੋ ਕਿ ਸਮਾਜ ਵਿੱਚ ਆ ਰਹੀ ਨਵੀਂ ਜਾਗ੍ਰਿਤੀ ਦਾ ਪ੍ਰਤੀਕ ਹੈ।
ਇਸ ਮੌਕੇ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਕਾਲਜ ਨੂੰ ਜੋ ਵੀ ਮੁੱਦੇ ਦਰਪੇਸ਼ ਹਨ ਉਹਨਾਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗਾ। ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਕਾਲਜ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਕੋਈ ਔਕੜ ਪੇਸ਼ ਨਾ ਆਵੇ ਇਸ ਲਈ ਇਥੇ ਇਕ ਵੱਡਾ ਆਡੀਟੋਰੀਅਮ ਵੀ ਜਲਦ ਵੀ ਉਸਾਰਿਆ ਜਾਵੇਗਾ। ਉਹਨਾਂ ਇਹ ਵੀ ਵਚਨਬੱਧਤਾ ਦੁਹਰਾਈ ਕਿ ਕਾਲਜ ਦੇ ਗਰਾਊਂਡ ਨੂੰ ਪੱਧਰਾ ਕਰਕੇ ਖੇਡਾਂ ਦੇ ਕਾਬਿਲ ਬਣਾਇਆ ਜਾਵੇਗਾ ਤਾਂ ਜੋ ਨੌਜਵਾਨ ਮੁੰਡੇ ਅਤੇ ਕੁੜੀਆਂ ਇੱਥੇ ਆਪਣੀ ਖੇਡ ਪ੍ਰਤਿਭਾ ਨੂੰ ਹੋਰ ਨਿਖਾਰ ਕੇ ਖੇਡਾਂ ਦੇ ਖੇਤਰ ਵਿੱਚ ਸੂਬੇ ਅਤੇ ਦੇਸ਼ ਦਾ ਨਾਂ ਉੱਚਾ ਕਰ ਸਕਣ।
ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਅਰਪਨਾ ਨੇ ਸ੍ਰੀ ਲਾਲ ਚੰਦ ਕਟਾਰੂਚੱਕ ਦਾ ਸਵਾਗਤ ਕੀਤਾ ਅਤੇ ਅਧਿਆਪਕਾਂ ਨਾਲ ਉਹਨਾਂ ਦੀ ਜਾਣ-ਪਛਾਣ ਕਰਵਾਈ। ਉਹਨਾਂ ਇਸ ਮੌਕਾ ਕਾਲਜ ਵਿੱਚ ਪੜ੍ਹਾਏ ਜਾ ਰਹੇ ਕੋਰਸਾਂ ਬਾਰੇ ਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਨਵੇਂ ਸੈਸ਼ਨ ਵਿੱਚ ਕੁਝ ਹੋਰ ਨਵੇਂ ਕੋਰਸ ਕਾਲਜ ਵਿਖੇ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ਅਤੇ ਇਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੰਤਰੀ ਵੱਲੋਂ ਇਸ ਮੌਕੇ ਕਾਲਜ ਵਿੱਚ ਇਕ ਰੁੱਖ ਲਗਾ ਕੇ ਕੁਦਰਤ ਦਾ ਸ਼ੁਕਰਾਨਾ ਵੀ ਅਦਾ ਕੀਤਾ ਗਿਆ।