ਸਿੱਧੂ ਦੇ ਸਲਾਹਕਾਰ ਦਾ ਵਿਵਾਦਤ ਬਿਆਨ, 'ਆਪ' ਨੇ ਕਿਹਾ ਕਸ਼ਮੀਰ ਮੁੱਦੇ ਬਾਰੇ ਗਾਂਧੀ ਪਰਿਵਾਰ ਸਪੱਸ਼ਟ ਕਰੇ ਆਪਣਾ ਸਟੈਂਡ
ਸਿੱਧੂ ਵੱਲੋਂ ਆਪਣੇ ਸਲਾਹਕਾਰਾਂ ਰਾਹੀਂ ਕਸ਼ਮੀਰ ਬਾਰੇ ਜੋ ਵਿਵਾਦਿਤ ਟਿੱਪਣੀਆਂ ਕਰਵਾਈਆਂ ਜਾ ਰਹੀਆਂ ਹਨ, ਇਹਨਾਂ ਬਾਰੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾਂ ਗਾਂਧੀ ਆਪਣਾ ਸਟੈਂਡ ਸਪੱਸ਼ਟ ਕਰਨ- ਆਪ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸਲਾਹਕਾਰਾਂ ਰਾਹੀਂ ਕਸ਼ਮੀਰ ਬਾਰੇ ਜੋ ਵਿਵਾਦਿਤ ਟਿੱਪਣੀਆਂ ਕਰਵਾਈਆਂ ਜਾ ਰਹੀਆਂ ਹਨ, ਇਹਨਾਂ ਬਾਰੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾਂ ਗਾਂਧੀ ਆਪਣਾ ਸਟੈਂਡ ਸਪੱਸ਼ਟ ਕਰਨ।
ਉਨਾਂ ਪੁਛਿਆ, ਕੀ ਗਾਂਧੀ ਪਰਿਵਾਰ ਵੀ ਕਸ਼ਮੀਰ ਉਤੇ ਭਾਰਤ ਦੇ ਕਬਜ਼ੇ ਦੀ ਗੱਲ ਕਬੂਲ ਕਰਦਾ ਹੈ? ਸੋਮਵਾਰ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਦੀ ਮੌਜ਼ੂਦਗੀ 'ਚ ਕੀਤੀ ਪ੍ਰੈਸ ਕਾਨਫਰੰਸ ਮੌਕੇ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਸੰਬੰਧਤ ਅਣਗਿਣਤ ਅਹਿਮ ਮੁਦਿਆਂ ਦੀ ਥਾਂ ਕਸ਼ਮੀਰ ਬਾਰੇ ਅਜਿਹੀ ਗੈਰਜ਼ਰੂਰੀ, ਗੈਰ ਜ਼ਿੰਮੇਵਾਰਨਾ ਅਤੇ ਬੇਲੋੜੀ ਬਿਆਨਬਾਜ਼ੀ ਕਾਂਗਰਸ ਅਤੇ ਨਵਜੋਤ ਸਿੱਧੂ ਦੀ ਸੋਚੀ ਸਮਝੀ ਸਾਜਿਸ਼ ਹੈ।
ਸਿੱਧੂ ਕਾਂਗਰਸ ਦੇ ਚੋਣ ਵਾਅਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਹਨ, ਕਿਉਂਕਿ ਲੋਕਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੋਲੋਂ ਕਾਂਗਰਸ ਵੱਲੋਂ 2017 'ਚ ਕੀਤੇ ਲਿਖਤੀ ਵਾਅਦਿਆਂ ਦਾ ਹਿਸਾਬ- ਕਿਤਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ।
ਚੀਮਾ ਨੇ ਕਿਹਾ ਕਿ ਸੱਤਾ 'ਚ ਰਹਿ ਕੇ ਵੀ ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰ ਰਹੇ ਨਵਜੋਤ ਸਿੰਧੂ ਨੂੰ ਜਦੋਂ ਜ਼ਮੀਨੀ ਹਕੀਕਤਾਂ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਿੱਧੂ ਨੇ ਆਪਣੇ ਸਲਾਹਕਾਰਾਂ ਰਾਹੀਂ ਇਹ ਵਿਵਾਦਿਤ ਟਿੱਪਣੀ ਉਛਾਲ ਦਿੱਤੀ ਤਾਂ ਕਿ ਲੋਕਾਂ ਦਾ ਧਿਆਨ ਏਧਰ ਨੂੰ ਭਟਕ ਜਾਵੇ ਅਤੇ ਕੁੱਝ ਦਿਨ ਰਾਹਤ ਮਿਲ ਸਕੇ।
ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਨਵਜੋਤ ਸਿੱਧੂ ਸਮੇਤ ਸਾਰੇ ਕਾਂਗਰਸੀ ਮੰਤਰੀਆਂ ਨੂੰ ਮਹਿੰਗੀ ਬਿਜਲੀ ਅਤੇ ਮਾਰੂ ਬਿਜਲੀ ਸਮਝੌਤਿਆਂ, ਬੇਰੁਜ਼ਾਗਰੀ, ਬੇਰੁਜ਼ਗਾਰੀ ਭੱਤੇ, ਘਰ- ਘਰ ਨੌਕਰੀ ਅਤੇ ਨਸ਼ਾ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ, ਮੰਡੀ ਮਾਫੀਆ ਸਮੇਤ ਖੰਡ ਮਾਫੀਆ ਬਾਰੇ ਸਵਾਲ ਪੁੱਛੇ ਜਾ ਰਹੇ ਹਨ, ਜਿਨਾਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।