Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
ਇਹ ਸਵਾਲ ਸਭ ਤੋਂ ਵੱਡਾ ਹੈ ਕਿ ਕੀ ਕਾਂਗਰਸ ਫ਼ਿਰੋਜ਼ਪੁਰ ਸੀਟ ਜਿੱਤ ਕੇ ਆਪਣਾ ਦਹਾਕਿਆਂ ਦਾ ਸਿਆਸੀ ਸੋਕਾ ਦੂਰ ਕਰ ਸਕੇਗੀ? ਕੀ ਅਕਾਲੀ ਦਲ ਦਾ ਗੜ੍ਹ ਫ਼ਿਰੋਜ਼ਪੁਰ ਦਾ ਕਿਲ੍ਹਾ ਬਚਾਉਣ ਵਿੱਚ ਪਾਰਟੀ ਕਾਮਯਾਬ ਰਹੇਗੀ? ਕੀ ਕਿਸੇ ਤੀਜੀ ਪਾਰਟੀ ਆਪ ਜਾਂ ਬੀਜੇਪੀ ਨੂੰ ਲੋਕ ਮੌਕਾ ਦੇਣਗੇ ?
Punjab Politics: ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਕੁਝ ਹੀ ਦਿਨ ਹੀ ਰਹਿ ਗਏ ਹਨ ਤੇ ਇਸ ਦੌਰਾਨ ਅੱਜ ਅਸੀਂ ਗੱਲ ਫਿਰੋਜ਼ਪੁਰ ਹਲਕੇ(firozpur lok sabha constituency) ਦੀ ਕਰਾਂਗੇ ਜਿੱਥੇ ਕਾਂਗਰਸ(Congress) ਦਾ ਉਮੀਦਵਾਰ ਪਿਛਲੇ 4 ਦਹਾਕਿਆਂ ਤੋਂ ਨਹੀਂ ਜਿੱਤ ਸਕਿਆ ਪਰ 1998 ਤੋਂ ਲੈ ਕੇ 2019 ਤੱਕ ਅਕਾਲੀ ਦਲ(Shiromni Akali dal) ਨੇ ਲਗਾਤਾਰ 6 ਵਾਰ ਇਸ ਸੀਟ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ। ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Sukhbir singh badal) ਇੱਥੋਂ ਉਮੀਦਵਾਰ ਹਨ।
ਸੱਤਾਧਾਰੀ ਧਿਰ ਦੀ ਕੀ ਯੋਜਨਾ ?
ਸੱਤਾਧਾਰੀ ਧਿਰ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਨੇ ਵਿਧਾਨਸਭਾ ਚੋਣਾਂ ਵਿੱਚ 50 ਫੀਸਦੀ ਤੋਂ ਵੱਧ ਤਕਰੀਬਨ 76,000 ਵੋਟ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ। ਇਸ ਕਰਕੇ ਪਾਰਟੀ ਨੇ ਕਿਸੇ ਨਵੇਂ ਲੀਡਰ ਦੀ ਥਾਂ ਵਰਤੇ ਗਏ ਚਿਹਰੇ ਉੱਤੇ ਦਾਅ ਖੇਡਣਾ ਮੁਨਾਸਬ ਸਮਝਿਆ।
ਮੁੱਖ ਵਿਰੋਧੀ ਧਿਰ ਨੇ ਸਾਬਕਾ ਅਕਾਲੀ ਲੀਡਰ ਚੁਣਿਆ
ਕਾਂਗਰਸ ਨੇ 2019 ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ’ਤੇ ਦਾਅ ਖੇਡਿਆ ਹੈ। ਪਿਛਲੀਆਂ 5 ਲੋਕ ਸਭਾ ਚੋਣਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਨੇ ਦੂਜੀ ਵਾਰ ਫ਼ਿਰੋਜ਼ਪੁਰ ਤੋਂ ਕਿਸੇ ਉਮੀਦਵਾਰ ਨੂੰ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਜਗਮੀਤ ਬਰਾੜ, ਸੁਨੀਲ ਜਾਖੜ ਚੋਣ ਲੜੇ ਪਰ ਉਹ ਹਾਰਦੇ ਰਹੇ। ਸ਼ਾਇਦ ਇਸ ਵਾਰ ਪਾਰਟੀ ਦਾ ਇਹ ਦਾਅ ਰੰਗ ਲਿਆਵੇ। ਵੈਸੇ ਸਾਰੇ ਉਮੀਦਵਾਰਾਂ ਵਿੱਚ ਘੁਬਾਇਆ ਦੀ ਉਮੀਦਵਾਰੀ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ।
ਭਾਰਤੀ ਜਨਤਾ ਪਾਰਟੀ ਦਾ ਕੀ ਹਾਲ ?
ਭਾਰਤੀ ਜਨਤਾ ਪਾਰਟੀ ਨੇ ਗੁਰੂਹਰਸਾਏ ਤੋਂ ਕਾਂਗਰਸ ਦੀ ਟਿਕਟ ’ਤੇ ਲਗਾਤਾਰ ਚਾਰ ਵਾਰ ਦੇ ਜੇਤੂ ਵਿਧਾਇਕ ਰਹੇ ਰਾਣਾ ਗੁਰਮੀਤ ਸੋਢੀ ’ਤੇ ਦਾਅ ਖੇਡਿਆ। ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ’ਤੇ ਪਾਰਟੀ ਨੇ ਰਾਣਾ ਗੁਰਜੀਤ ਸੋਢੀ ’ਤੇ ਦਾਅ ਖੇਡਿਆ ਹੈ। ਰਾਣਾ ਗੁਰਮੀਤ ਸੋਢੀ ਦੇ ਮੈਦਾਨ ਵਿੱਚ ਉਤਰਨ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਬਚਾ ਸਕੇਗਾ ਆਪਣਾ ਸਿਆਸੀ ਕਿਲ੍ਹਾ
ਅਕਾਲੀ ਦਲ ਨੇ ਫਿਰੋਜ਼ਪੁਰ ਨੂੰ ਪਾਰਟੀ ਦਾ ਗੜ੍ਹ ਬਣਾਉਣ ਵਾਲੇ ਲਗਾਤਾਰ ਤਿੰਨ ਵਾਰ ਜੇਤੂ ਜ਼ੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬੌਬੀ ਮਾਨ ’ਤੇ ਦਾਅ ਖੇਡਿਆ ਹੈ। ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਰਟੀ ਨੂੰ ਇਸ ਤੋਂ ਮਜ਼ਬੂਤ ਉਮੀਦਵਾਰ ਨਹੀਂ ਲੱਭ ਸਕਦਾ ਸੀ।
ਇਸ ਵੇਲੇ ਦਾ ਸਭ ਤੋਂ ਵੱਡਾ ਸਵਾਲ
ਇਸ ਵੇਲੇ ਇਹ ਸਵਾਲ ਸਭ ਤੋਂ ਵੱਡਾ ਹੈ ਕਿ ਕੀ ਕਾਂਗਰਸ ਫ਼ਿਰੋਜ਼ਪੁਰ ਸੀਟ ਜਿੱਤ ਕੇ ਆਪਣਾ ਦਹਾਕਿਆਂ ਦਾ ਸਿਆਸੀ ਸੋਕਾ ਦੂਰ ਕਰ ਸਕੇਗੀ? ਕੀ ਅਕਾਲੀ ਦਲ ਦਾ ਗੜ੍ਹ ਫ਼ਿਰੋਜ਼ਪੁਰ ਦਾ ਕਿਲ੍ਹਾ ਬਚਾਉਣ ਵਿੱਚ ਪਾਰਟੀ ਕਾਮਯਾਬ ਰਹੇਗੀ? ਕੀ ਕਿਸੇ ਤੀਜੀ ਪਾਰਟੀ ਆਪ ਜਾਂ ਬੀਜੇਪੀ ਨੂੰ ਲੋਕ ਮੌਕਾ ਦੇਣਗੇ ?
ਫਿਰੋਜ਼ਪੁਰ ਦਾ ਸਿਆਸੀ ਇਤਿਹਾਸ
1952 ਬਹਾਦਰ ਸਿੰਘ, ਲਾਲ ਸਿੰਘ, ਸ਼੍ਰੋਮਣੀ ਅਕਾਲੀ ਦਲ
1957 ਇਕਬਾਲ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ
1962 ਇਕਬਾਲ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ
1967 ਸੋਹਣ ਸਿੰਘ ਬਸੀ, ਸ਼੍ਰੋਮਣੀ ਅਕਾਲੀ ਦਲ
1969 ਜੀ ਸਿੰਘ, ਸ਼੍ਰੋਮਣੀ ਅਕਾਲੀ ਦਲ
1971 ਮਹਿੰਦਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ
1977 ਮਹਿੰਦਰ ਸਿੰਘ ਸਾਈਆਂ ਵਾਲਾ, ਸ਼੍ਰੋਮਣੀ ਅਕਾਲੀ ਦਲ
1980 ਬਲਰਾਮ ਜਾਖੜ, ਇੰਡੀਅਨ ਨੈਸ਼ਨਲ ਕਾਂਗਰਸ
1984 ਗੁਰਦਿਆਲ ਸਿੰਘ ਢਿੱਲੋਂ, ਇੰਡੀਅਨ ਨੈਸ਼ਨਲ ਕਾਂਗਰਸ
1989 ਧਿਆਨ ਸਿੰਘ, ਆਜ਼ਾਦ
1992 ਮੋਹਨ ਸਿੰਘ, ਬਹੁਜਨ ਸਮਾਜ ਪਾਰਟੀ
1996, ਮੋਹਨ ਸਿੰਘ, ਬਹੁਜਨ ਸਮਾਜ ਪਾਰਟੀ
1998 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
1999, ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
2004, ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
2009 ਸ਼ੇਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ
2014, ਸ਼ੇਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ
2019 ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ