ਵਿਜੇ ਸਿੰਗਲਾ ਦੀ ਬਰਖਾਸਤਗੀ ਮਗਰੋਂ ਅੰਮ੍ਰਿਤਸਰ ਸ਼ਹਿਰ ਨੂੰ ਨੁਮਾਇੰਦਗੀ ਦੇਣ ਦੀ ਉਠੀ ਮੰਗ
ਡਾ. ਅਜੇ ਨੇ ਕਿਹਾ ਅੰਮ੍ਰਿਤਸਰ 'ਚ ਸ਼੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ ਧਾਮ, ਅਟਾਰੀ ਵਾਹਘਾ ਸਰਹੱਦ, ਕੌਮਾਂਤਰੀ ਏਅਰਪੋਰਟ ਆਦਿ ਹੋਣ ਕਰਕੇ ਲੱਖਾਂ ਦੀ ਗਿਣਤੀ 'ਚ ਰੋਜ਼ਾਨਾ ਯਾਤਰੀ ਆਉਂਦੇ ਹਨ।
ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਸੂਬੇ ਦੀ ਕੈਬਨਿਟ ਦੇ ਨਵੇਂ ਚਿਹਰਿਆਂ ਦੇ ਆਉਣ ਦੀ ਚਰਚਾ ਵਿਚਾਲੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਵਿਧਾਇਕ ਡਾ. ਅਜੇ ਗੁਪਤਾ ਨੇ ਅੰਮ੍ਰਿਤਸਰ ਸ਼ਹਿਰ ਨੂੰ ਨੁਮਾਇੰਦਗੀ ਦੇਣ ਦਾ ਮੁੱਦਾ ਚੁੱਕ ਦਿੱਤਾ ਹੈ।
ਡਾ. ਅਜੇ ਨੇ ਕਿਹਾ ਅੰਮ੍ਰਿਤਸਰ 'ਚ ਸ਼੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ ਧਾਮ, ਅਟਾਰੀ ਵਾਹਘਾ ਸਰਹੱਦ, ਕੌਮਾਂਤਰੀ ਏਅਰਪੋਰਟ ਆਦਿ ਹੋਣ ਕਰਕੇ ਲੱਖਾਂ ਦੀ ਗਿਣਤੀ 'ਚ ਰੋਜ਼ਾਨਾ ਯਾਤਰੀ ਆਉਂਦੇ ਹਨ ਤੇ ਅੰਮ੍ਰਿਤਸਰ ਸ਼ਹਿਰ ਨੂੰ ਨੁਮਾਇੰਦਗੀ ਮਿਲਣੀ ਜ਼ਰੂਰੀ ਹੈ, ਭਾਵੇਂ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਲੀਡਰਸ਼ਿਪ ਦਾ ਹੈ।
ਵਿਧਾਇਕ-ਅਫਸਰਸ਼ਾਹੀ ਤੇ ਸ਼ਹਿਰ ਦੇ ਲੋਕਾਂ 'ਚ ਤਾਲਮੇਲ ਬੈਠਾਉਣ ਲਈ ਅੰਮ੍ਰਿਤਸਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਨੁਮਾਇੰਦਗੀ ਦੇਣਾ ਜ਼ਰੂਰੀ ਹੈ। ਸਿਹਤ ਮੰਤਰੀ ਦੀ ਬਰਖਾਸਤਗੀ 'ਤੇ ਆਪ ਦੇ ਵਿਧਾਇਕ ਡਾ. ਅਜੇ ਗੁਪਤਾ ਬੋਲੇ, "ਸਿਹਤ ਵਿਭਾਗ ਵਿੱਚ ਹਾਲੇ ਵੀ ਵੱਡੇ ਪੱਧਰ 'ਤੇ ਖਾਮੀਆਂ ਹਨ, ਮੇਰੇ ਹਲਕੇ 'ਚ ਹਸਪਤਾਲਾਂ ਤੇ ਡਿਸਪੈਂਸਰੀਆਂ ਦਾ ਬੁਰਾ ਹਾਲ ਹੈ।"
ਉਨ੍ਹਾਂ ਕਿਹਾ, "ਸਿਹਤ ਮੰਤਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਗਲਤ ਕੀਤਾ ਤੇ ਉਸ ਨੂੰ ਸਜ਼ਾ ਮਿਲੀ। ਪੂਰੀ ਪਾਰਟੀ ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਸਹਿਮਤ ਹੈ।"
ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ OSD ਪ੍ਰਦੀਪ ਨੂੰ ਵੀ 27 ਮਈ ਤਕ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਦੌਰਾਨ ਵਿਜੇ ਸਿੰਗਲਾ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਕਿਹਾ ਕਿ ਇਹ ਸਾਜ਼ਿਸ਼ ਹੈ ਪਾਰਟੀ ਨੂੰ ਬਦਨਾਮ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣਾਂ ਜਿੱਤਣ ਮਗਰੋਂ ਮਾਨ ਸਰਕਾਰ ਲਗਾਤਾਰ ਵੱਡੇ ਐਕਸ਼ਨ ਕਰ ਰਹੀ ਹੈ। ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੇ ਹੀ ਭ੍ਰਿਸ਼ਟ ਮੰਤਰੀ ਨੂੰ ਕੈਬਨਿਟ 'ਚ ਬਰਖਾਸਤ ਕਰ ਦਿੱਤਾ ਹੈ। ਇਸ ਫੈਸਲੇ ਦੀ ਹਰ ਪਾਸੇ ਤਾਰੀਫ ਕੀਤੀ ਜਾ ਰਹੀ ਹੈ।
ਜਾਣੋ ਕੀ ਹੈ ਮਾਮਲਾ
58 ਕਰੋੜ ਦੇ ਕੰਮ ਦੇ ਮਾਮਲੇ 'ਚੋਂ ਵਿਜੇ ਸਿੰਗਲਾ ਤੇ ਓਐਸਡੀ ਨੇ ਵੀ 1 ਫੀਸਦੀ ਕਮਿਸ਼ਨ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਵੀ ਐਕਸ਼ਨ ਦੇ ਮੋਡ ਵਿੱਚ ਆ ਗਈ ਹੈ। ਪੰਜਾਬ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁਝ ਸਮਾਂ ਪਹਿਲਾਂ ਹੀ ਭਗਵੰਤ ਮਾਨ ਨੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਸੀ।