ਪੰਜਾਬ ਦੀ ਕੇਂਦਰ ਸਰਕਾਰ ਤੋਂ ਮੰਗ, ਪਠਾਨਕੋਟ, ਸਾਹਨੇਵਾਲ, ਆਦਮਪੁਰ ਤੇ ਬਠਿੰਡਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਭਾਰਤ ਸਰਕਾਰ ਨੂੰ ਆਦਮਪੁਰ (ਜਲੰਧਰ), ਪਠਾਨਕੋਟ, ਸਾਹਨੇਵਾਲ ਅਤੇ ਬਠਿੰਡਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
Punjab Domestic Flight: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਭਾਰਤ ਸਰਕਾਰ ਨੂੰ ਆਦਮਪੁਰ (ਜਲੰਧਰ), ਪਠਾਨਕੋਟ, ਸਾਹਨੇਵਾਲ ਅਤੇ ਬਠਿੰਡਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਪ੍ਰਮੁੱਖ ਸਕੱਤਰ ਸ਼ਹਿਰੀ ਹਵਾਬਾਜ਼ੀ ਰਾਹੁਲ ਭੰਡਾਰੀ ਨੇ UDAN, ਕ੍ਰਿਸ਼ੀ ਉਡਾਨ, ਹਵਾਬਾਜ਼ੀ ਸੁਰੱਖਿਆ, ਹਵਾਈ ਅੱਡਿਆਂ, ਗ੍ਰੀਨਫੀਲਡ ਹਵਾਈ ਅੱਡਿਆਂ, ਹੈਲੀਪੋਰਟਾਂ ਅਤੇ ਵਾਟਰ ਏਅਰੋਡ੍ਰੋਮਾਂ ਦੇ ਵਿਕਾਸ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਵਿੱਚ ਹਿੱਸਾ ਲਿਆ।
ਇਸ ਦੌਰਾਨ ਰਾਹੁਲ ਭੰਡਾਰੀ ਨੇ ਇਸ ਮਾਮਲੇ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਕਿ ਇਹ ਹਵਾਈ ਅੱਡੇ ਭਾਰਤ ਸਰਕਾਰ ਦੀ ਖੇਤਰੀ ਸੰਪਰਕ ਸੇਵਾ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਇਨ੍ਹਾਂ ਹਵਾਈ ਅੱਡਿਆਂ ਤੋਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਖੇਤਰ ਵਿਚ ਹਵਾਈ ਸੰਪਰਕ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਹਵਾਈ ਅੱਡਿਆਂ ਤੋਂ ਤੁਰੰਤ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਦੇਸ਼ ਭਰ ਵਿੱਚ ਸਿੱਧੀ ਹਵਾਈ ਸੰਪਰਕ ਯਕੀਨੀ ਹੋਵੇਗੀ ਅਤੇ ਨਾਲ ਹੀ ਲੋਕਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ।
ਰਾਹੁਲ ਭੰਡਾਰੀ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਕ ਹੋਰ ਮੁੱਦਾ ਉਠਾਉਂਦਿਆਂ ਪ੍ਰਮੁੱਖ ਸਕੱਤਰ ਨੇ ਭਾਰਤ ਸਰਕਾਰ ਨੂੰ ਹਲਵਾਰਾ ਹਵਾਈ ਅੱਡੇ 'ਤੇ ਸਿਵਲ ਟਰਮੀਨਲ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਲਈ ਜ਼ਮੀਨ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਤੇ 46 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਗਿਆ ਹੈ। ਰਾਹੁਲ ਭੰਡਾਰੀ ਨੇ ਕਿਹਾ ਕਿ ਇਸ ਨੂੰ ਜਲਦੀ ਮੁਕੰਮਲ ਕਰਨ ਲਈ ਕੰਮ ਨੂੰ ਤੇਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਇਕ ਹੋਰ ਮੁੱਦੇ ਦੀ ਗੱਲ ਕਰਦਿਆਂ ਪ੍ਰਮੁੱਖ ਸਕੱਤਰ ਨੇ ਅਫਸੋਸ ਪ੍ਰਗਟ ਕੀਤਾ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਦਾ ਟਰਮੀਨਲ ਜ਼ਿਲ੍ਹਾ ਐਸ.ਏ.ਐਸ ਨਗਰ ਮੁਹਾਲੀ ਵਿੱਚ ਪੈਂਦੀ ਜ਼ਮੀਨ ’ਤੇ ਬਣਾਇਆ ਗਿਆ ਹੈ। ਪਰ ਬਦਕਿਸਮਤੀ ਨਾਲ ਏਅਰਪੋਰਟ ਦੇ ਨਾਂ ਤੋਂ ਮੁਹਾਲੀ ਦਾ ਨਾਂ ਗਾਇਬ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਜਾਣੂ ਕਰਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਸ ਹਵਾਈ ਅੱਡੇ ਦੇ ਨਾਂ ’ਤੇ ਮੁਹਾਲੀ ਸ਼ਹਿਰ ਦਾ ਨਾਂ ਸ਼ਾਮਲ ਨਾ ਕਰਨ ’ਤੇ ਆਪਣਾ ਗੁੱਸਾ ਜ਼ਾਹਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਜਾਇਜ਼ ਮੰਗ ਵੱਲ ਧਿਆਨ ਦਿੱਤਾ ਜਾਵੇ। ਜਿਸ ਨਾਲ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ।
ਪ੍ਰਮੁੱਖ ਸਕੱਤਰ ਨੇ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਸ਼ਵ ਪੱਧਰੀ ਹਵਾਈ ਅੱਡੇ ਦੇ ਅਕਸ ਨੂੰ ਸੁੰਦਰ ਬਣਾਉਣ ਲਈ 450 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਹਨ। ਰਾਹੁਲ ਭੰਡਾਰੀ ਨੇ ਕਿਹਾ ਕਿ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿਚ ਹੋਰ ਮਦਦ ਮਿਲੇਗੀ ਅਤੇ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ ਅਤੇ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਇਸ ਨਾਲ ਜੋੜਿਆ ਜਾ ਸਕੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :