Faridkot Lok Sabha Seat: ਫਰੀਦਕੋਟ 'ਚ 2 ਕਲਾਕਾਰਾਂ ਦੇ ਫਸੇ ਸਿੰਗ! ਕਰਮਜੀਤ ਅਨਮੋਲ ਨਾਲ ਡਟੇ ਅਦਾਕਾਰ ਤੇ ਗਾਇਕ, ਹੰਸ ਰਹਿ ਗਏ ਇਕੱਲੇ?
Lok Sabha Election 2024:ਫਰੀਦਕੋਟ ਹਲਕਾ ਵੀ ਖੂਬ ਚਰਚਾ ਵਿੱਚ ਹੈ। ਇਸ ਦਾ ਕਾਰਨ ਦੋ ਵੱਡੀਆਂ ਪਾਰਟੀਆਂ ਵੱਲੋਂ ਦੋ ਕਲਾਕਾਰਾਂ ਨੂੰ ਮੈਦਾਨ ਵਿੱਚ ਉਤਾਰਨਾ ਹੈ। ਆਮ ਆਦਮੀ ਪਾਰਟੀ ਵੱਲੋਂ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਮੈਦਾਨ ਵਿੱਚ ਹਨ।
Faridkot Lok Sabha Seat: ਪੰਜਾਬ 'ਚ ਅੱਜ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਵਾਰ ਫਰੀਦਕੋਟ ਹਲਕਾ ਵੀ ਖੂਬ ਚਰਚਾ ਵਿੱਚ ਹੈ। ਇਸ ਦਾ ਕਾਰਨ ਦੋ ਵੱਡੀਆਂ ਪਾਰਟੀਆਂ ਵੱਲੋਂ ਦੋ ਕਲਾਕਾਰਾਂ ਨੂੰ ਮੈਦਾਨ ਵਿੱਚ ਉਤਾਰਨਾ ਹੈ। ਆਮ ਆਦਮੀ ਪਾਰਟੀ ਵੱਲੋਂ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਮੈਦਾਨ ਵਿੱਚ ਹਨ। ਦੂਜੇ ਪਾਸੇ ਬੀਜੇਪੀ ਨੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਚੋਣ ਪ੍ਰਚਾਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ (ਆਪ) ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਮਸ਼ਹੂਰ ਹਸਤੀਆਂ ਨੂੰ ਸ਼ਾਮਲ ਕਰਨ ਸਮੇਤ ਹਰ ਸੰਭਵ ਯਤਨ ਕਰ ਰਹੀ ਹੈ। ਕਰਮਜੀਤ ਅਨਮੋਲ ਆਪਣੀ ਮੁਹਿੰਮ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਲੋਕਾਂ ਨੂੰ ਲਿਆ ਰਹੇ ਹਨ। ਹਾਲ ਹੀ ਵਿੱਚ ਕਰਮਜੀਤ ਅਨਮੋਲ ਲਈ ਅਦਾਕਾਰਾਂ ਤੇ ਗਾਇਕਾਂ ਨਿਸ਼ਾ ਬਾਨੋ, ਸਿੱਪੀ ਗਿੱਲ, ਬੀਐਨ ਸ਼ਰਮਾ ਤੇ ਰੁਪਿੰਦਰ ਰੂਪੀ ਨੇ ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਪ੍ਰਚਾਰ ਕੀਤਾ। ਅੱਜ ਮੰਗਲਵਾਰ ਨੂੰ ਉਹ ਮੈਂਡੀ ਤੱਖਰ ਤੇ ਨਰੇਸ਼ ਕਥੂਰੀਆ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਅਦਾਕਾਰ-ਗਾਇਕ ਰੌਸ਼ਨ ਪ੍ਰਿੰਸ ਮੋਗਾ ਦੇ ਪਿੰਡਾਂ ਵਿੱਚ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਇਸ ਪ੍ਰੋਗਰਾਮ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਨੇ ਕਰਵਾਇਆ ਸੀ। ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਵੋਟਰਾਂ ਨਾਲ ਗੱਲਬਾਤ ਕੀਤੀ ਤੇ ਵੋਟਰਾਂ ਨਾਲ ਸੈਲਫੀ ਵੀ ਲਈਆਂ।
ਪੰਜਾਬੀ ਫਿਲਮ ਇੰਡਸਟਰੀ ਦੇ ਕਾਮੇਡੀਅਨ ਬਿੰਨੂ ਢਿੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਤੋਂ ਹੀ ਕਰਮਜੀਤ ਅਨਮੋਲ ਨਾਲ ਨਜ਼ਰ ਆ ਰਹੇ ਹਨ। ਬਿੰਨੂ ਢਿੱਲੋਂ ਆਪਣੀ ਕਾਰ ਵਿੱਚ ਕਰਮਜੀਤ ਅਨਮੋਲ ਨਾਲ ਘੁੰਮਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਸਟੇਜ ਤੋਂ ਜਨਤਾ ਨੂੰ ਸੰਬੋਧਨ ਕਰਦੇ ਹਨ। ਫਰੀਦਕੋਟ 'ਚ ਰੋਡ ਸ਼ੋਅ ਦੌਰਾਨ ਉਹ ਅਨਮੋਲ ਨਾਲ ਕਾਰ ਦੀ ਛੱਤ 'ਤੇ ਬੈਠੇ ਵੀ ਨਜ਼ਰ ਆਏ।
ਦੂਜੇ ਪਾਸੇ ਹੰਸ ਰਾਜ ਹੰਸ ਵੀ ਸੰਗੀਤ ਇੰਡਸਟਰੀ ਦਾ ਵੱਡਾ ਨਾਂ ਹਨ ਪਰ ਜਿਸ ਤਰ੍ਹਾਂ ਵੱਡੇ-ਵੱਡੇ ਕਲਾਕਾਰ ਕਰਮਜੀਤ ਅਨਮੋਲ ਦੇ ਸਮਰਥਨ 'ਚ ਆ ਰਹੇ ਹਨ, ਉਸ ਤਰ੍ਹਾਂ ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਵਿੱਚ ਕੋਈ ਕਲਾਕਾਰ ਨਜ਼ਰ ਨਹੀਂ ਆ ਰਿਹਾ। ਉਹ ਖੁਦ ਇਕੱਲੇ ਮੈਦਾਨ 'ਚ ਡਟੇ ਹੋਏ ਹਨ।
ਇਸ ਤੋਂ ਇਲਾਵਾ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਮੌਜੂਦਾ ਸੰਸਦ ਮੈਂਬਰ ਤੇ ਸੰਗੀਤ ਜਗਤ ਦਾ ਵੱਡਾ ਨਾਂ ਰਹੇ ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਵੱਲੋਂ ਗੁਰਜਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ।