Faridkot News: ਗੋਲਡੀ ਬਰਾੜ ਦੇ ਨਾਂ 'ਤੇ ਫਿਰੌਤੀ ਮੰਗਣ ਤੇ ਠੇਕੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਮੁਕਾਬਲੇ ਬਾਅਦ ਕਾਬੂ
Punjab News: ਉਨ੍ਹਾਂ ਦੀ ਪਛਾਣ ਹੋਣ ਤੋਂ ਬਾਅਦ ਲਾਗਾਤਰ ਪੁਲਿਸ ਵੱਲੋਂ ਉਕਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।
Faridkot News: ਕੁਝ ਦਿਨ ਪਹਿਲਾਂ ਫਰੀਦਕੋਟ ਦੇ ਇੱਕ ਮਸ਼ੂਹਰ ਸ਼ਰਾਬ ਕਾਰੋਬਾਰੀ ਨੂੰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ ਭਰੀ ਕਾਲ ਕਰ ਫਿਰੌਤੀ ਮੰਗੀ ਗਈ ਸੀ ਤੇ ਸ਼ਰਾਬ ਠੇਕੇਦਾਰ ਨੂੰ ਧਮਕਾਉਣ ਲਈ ਉਸ ਦੇ ਫਰੀਦਕੋਟ ਤੇ ਕੋਟਕਪੂਰਾ ਦੇ ਠੇਕੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਛਾਣ ਹੋਣ ਤੋਂ ਬਾਅਦ ਲਾਗਾਤਰ ਪੁਲਿਸ ਵੱਲੋਂ ਉਕਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।
ਇਸੇ ਜਾਂਚ ਦੌਰਾਨ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਮਦਦ ਕਰਨ ਵਾਲੇ ਪੰਜ ਸਾਥੀਆਂ ਨੂੰ ਕਾਬੂ ਕਰ ਪੁੱਛਗਿੱਛ ਕੀਤੀ ਜਾ ਰਹੀ ਸੀ ਜਿਨ੍ਹਾਂ ਤੋਂ ਪੁਛਗਿੱਛ ਤੋਂ ਬਾਅਦ ਅਸਲ ਦੋਸ਼ੀਆਂ ਬਾਰੇ ਜਾਣਕਾਰੀ ਹਾਸਲ ਹੋਈ ਕਿ ਉਨ੍ਹਾਂ ਵੱਲੋਂ ਕੋਟਕਪੂਰਾ ਵਿੱਚ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਹੈ।
ਇਸ ਤੋਂ ਬਾਅਦ ਸੀਆਈਏ ਦੀ ਟੀਮ ਵੱਲੋਂ ਖ਼ਾਸ ਜਾਣਕਾਰੀ ਬਾਅਦ ਘੇਰਾਬੰਦੀ ਕੀਤੀ ਗਈ ਜਿਸ ਦੌਰਾਨ ਦੋ ਮੁਲਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਪਰ ਪੁਲਿਸ ਦੇ ਰੋਕਣ ਤੇ ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮ ਤੇ ਬਾਇਕ ਚੜ੍ਹਾ ਧੱਕੇ ਮਾਰ ਕੇ ਭੱਜਣ ਦੀ ਕੋਸ਼ਿਸ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਾਲੇ ਇੱਕ ਮੁਲਜ਼ਮ ਤੇ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਜੋ ਉਸ ਦੀ ਲੱਤ ਵਿੱਚ ਲੱਗਾ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਜੋ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਠੇਕੇ ਦੇ ਕਰਿੰਦਿਆਂ ਨਾਲ ਰੰਜਿਸ਼ ਦੇ ਚੱਲਦੇ ਇਨ੍ਹਾਂ ਮੁਲਜ਼ਮਾਂ ਵੱਲੋਂ ਧਮਕੀ ਭਰੀ ਕਾਲ ਕਰਕੇ ਉਸ ਨੂੰ ਡਰਾਉਣ ਲਈ ਪਹਿਲਾਂ ਫਰੀਦਕੋਟ ਤੇ ਬਾਅਦ ਵਿੱਚ ਕੋਟਕਪੂਰਾ ਚ ਸ਼ਰਾਬ ਦੇ ਠੇਕੇ ਨੂੰ ਅੱਗ ਲਾਉਣ ਦੀ ਕੋਸ਼ਿਸ ਕੀਤੀ ਗਈ ਸੀ।
ਗੋਲਡੀ ਬਰਾੜ ਦੇ ਨਾਮ ਤੇ ਧਮਕੀ ਭਰੇ ਕਾਲ ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵੱਲੋਂ ਗੋਲਡੀ ਬਰਾੜ ਦਾ ਨਾਮ ਇਸਤੇਮਾਲ ਕੀਤਾ ਗਿਆ ਸੀ ਜਾਂ ਇਹ ਉਸ ਦੇ ਗੈਂਗ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਚ ਵਿੱਕੀ ਨਾਮ ਦਾ ਇੱਕ ਹੋਰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ ਜੋ ਲੋਕਾਂ ਨੂੰ ਧਮਕੀ ਭਰੇ ਕਾਲ ਕਰ ਫ਼ਿਰੌਤੀਆਂ ਮੰਗਣ ਦਾ ਕੰਮ ਕਰਦਾ ਹੈ ਜਿਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।