Farmers Protest: ਕਿਸਾਨਾਂ ਨੇ ਕੀਤਾ ਵੱਡਾ ਐਲਾਨ, 15 ਦਸੰਬਰ ਤੋਂ ਪੰਜਾਬ ਦੇ ਟੋਲ ਪਲਾਜ਼ੇ ਹੋਣਗੇ ਬੰਦ
ਹੁਣ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ 15 ਦਸੰਬਰ ਤੋਂ ਸੂਬੇ ਭਰ ਦੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਫਾਜ਼ਿਲਕਾ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਪੱਕਾ ਮੋਰਚਾ ਲਾ ਕੇ ਬੈਠੇ ਹਨ। ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਹੁਣ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ 15 ਦਸੰਬਰ ਤੋਂ ਸੂਬੇ ਭਰ ਦੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਦਸੰਬਰ ਨੂੰ ਸਾਰੇ ਡੀਸੀ ਦਫ਼ਤਰਾਂ ਦੇ ਮੁੱਖ ਗੇਟ ਬੰਦ ਕਰ ਦਿੱਤੇ ਜਾਣਗੇ ਤੇ ਚਾਰ ਘੰਟੇ ਦੇ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 12 ਦਸੰਬਰ ਸੂਬੇ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਉਨ੍ਹਾਂ ਵੱਲੋਂ 15 ਦਸੰਬਰ ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ੇ ਬੰਦ ਕਰ ਫਰੀ ਦਿੱਤੇ ਜਾਣਗੇ।
ਇਸ ਸਮੇਂ ਬੋਲਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਦਾ ਕਹਿਣਾ ਕਿ "ਜੁਮਲਾ ਮੁਸ਼ਤਰਕਾ ਜ਼ਮੀਨ ਨੂੰ ਲੈ ਕੇ ਕਿਸਾਨਾ ਦੇ ਮਨਾਂ ਵਿਚ ਸ਼ੰਕੇ ਹਨ " ਬਿਲਕੁਲ ਉਸੇ ਤਰਾ ਦਾ ਬਿਆਨ ਹੈ ਜਿਵੇਂ ਦਾ ਬਿਆਨ ਕਾਲੇ ਕਨੂੰਨਾਂ ਵੇਲੇ ਕੇਂਦਰ ਦੇ ਮੰਤਰੀ ਅਤੇ ਕੁਝ ਸਿਆਸਤਦਾਨ ਦੇ ਰਹੇ ਸਨ। ਓਨ੍ਹਾਂ ਕਿਹਾ ਕਿ ਲੋਕਾਂ ਦੇ ਫੈਸਲੇ ਵੀ ਦਿੱਲੀ ਮੋਰਚੇ ਵਾਲੇ ਹੀ ਹਨ "ਅਗਰ ਮੰਗਾ ਪੂਰੀਆਂ ਤੇ ਕਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀ "।
ਮਾਨ ਦੇ ਮੰਤਰੀਆਂ ਦੀ ਗੁੰਡਾਗਰਦੀ ਦਾ ਆਲਮ ਇਹ ਹੈ ਕਿ ਓਹਨਾ ਦੇ ਸਵਾਲ ਕਰਨ ਵਾਲਿਆ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਮੰਤਰੀਆਂ ਦਾ ਮੁੱਖ ਕੰਮ ਸਿਰਫ ਪਾਰਟੀ ਦਾ ਚੋਣ ਲਈ ਪ੍ਰਚਾਰ ਕਰਨ ਦਾ ਰਹਿ ਗਿਆ ਹੈ। ਆਗੂਆਂ ਕਿਹਾ ਕਿ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਕਿਸਾਨ ਮਜ਼ਦੂਰ ਵਰਗ ਦੇ ਲੋਕਾਂ ਦੇ ਉਥਾਨ ਲਈ ਯੂਨੀਵਰਿਟੀਆਂ ਦੀ ਖੋਜ ਦੇ ਨਤੀਜੇ ਦੇ ਬਾਅਦ ਵੀ ਕੁਝ ਨਹੀਂ ਕੀਤਾ ਅੱਜ ਵੀ ਰੋਜ਼ਾਨਾ 3-4 ਕਿਸਾਨ ਮਜ਼ਦੂਰ ਆਰਥਿਕ ਕਾਰਨਾਂ ਕਰਕੇ ਖ਼ੁਦਕੁਸ਼ੀਆਂ ਕਰ ਰਹੇ ਹਨ, ਲੋਕਾਂ ਨਾਲ ਬਦਲਾਵ ਦੇ ਨਾਹਰੇ ਹੇਠ ਵਾਅਦੇ ਕਰਨ ਵਾਲੀ ਪਾਰਟੀ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੈ।