Farmers Protest Live Updates:ਕੇਂਦਰ ਤੇ ਕਿਸਾਨਾਂ ਵਿਚਾਲੇ ਵਧਿਆ ਟਕਰਾਅ, ਦਿੱਲੀ ਦੀ ਘੇਰਾਬੰਦੀ ਵਧਾਉਣ 'ਚ ਜੁਟੇ, ਰੇਲਾਂ ਰੋਕਣ ਦੀ ਤਿਆਰੀ
ਕੇਂਦਰ ਸਰਕਾਰ ਦੀ ਅਪੀਲ 'ਤੇ ਕਿਸਾਨਾਂ ਨੇ ਦੋ ਟੁੱਕ ਜਵਾਬ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਤੇ ਕਿਸਾਨਾਂ ਦੋਹਾਂ ਨੂੰ ਹੀ ਪਿੱਛੇ ਹਟਣਾ ਪਏਗਾ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਲੈ ਲਵੇ ਤੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ। ਕਿਸਾਨ ਲੀਡਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲੈਣਗੇ।
LIVE
Background
ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ 13 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਨ ਲਈ ਮੰਗਲਵਾਰ ਦੇਸ਼ ਵਿਆਪੀ ਬੰਦ ਵੀ ਕੀਤਾ। ਇਸ ਦਰਮਿਆਨ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਛੇਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ ਢਾਈ ਘੰਟੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ। ਹਾਲਾਂਕਿ ਇਹ ਬੈਠਕ ਵਲੀ ਬੇਨਤੀਜਾ ਰਹੀ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ, ਉੱਥੇ ਹੀ ਗ੍ਰਹਿ ਮੰਤਰੀ ਨੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।
13 ਕਿਸਾਨ ਲੀਡਰਾਂ ਨਾਲ ਇਹ ਬੈਠਕ ਕੀਤੀ ਗਈ। ਰਾਤ ਅੱਠ ਵਜੇ ਬੈਠਕ ਸ਼ੁਰੂ ਹੋਈ। ਜਿਸ ਵਿਚ ਅੱਠ ਪੰਜਾਬ ਦੇ ਕਿਸਾਨ ਲੀਡਰ ਸਨ ਜਦਕਿ ਪੰਜ ਦੇਸ਼ ਭਰ ਦੇ ਹੋਰ ਸੂਬਿਆਂ ਤੋਂ ਸਨ। ਸਰਕਾਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਜਾਰੀ ਗੱਲਬਾਤ ਦੀ ਅਗਵਾਈ ਕਰਨ ਵਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਖਾਧ ਮੰਤਰੀ ਪੀਊਸ਼ ਗੋਇਲ਼ ਤੇ ਉਦਯੋਗ ਤੇ ਵਣ ਮੰਤਰੀ ਸੋਮ ਪ੍ਰਕਾਸ਼ ਵੀ ਬੈਠਕ 'ਚ ਮੌਜੂਦ ਰਹੇ। ਬੈਠਕ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿਸਾਨ ਲੀਡਰਾਂ ਨੂੰ ਲਿਖਤੀ ਪ੍ਰਸਤਾਵ ਭੇਜਿਆ ਜਾਵੇਗਾ। ਕਿਸਾਨ ਲੀਡਰ ਸਰਕਾਰ ਦੇ ਪ੍ਰਸਤਾਵ 'ਤੇ ਬੈਠਕ ਕਰਨਗੇ।
ਅੱਜ ਕਿਸਾਨਾਂ ਤੇ ਸਰਕਾਰ ਵਿਚਾਲੇ ਨਹੀਂ ਹੋਵੇਗੀ ਗੱਲਬਾਤ
ਬੈਠਕ ਤੋਂ ਬਾਅਦ ਆਲ ਇੰਡੀਆਂ ਕਿਸਾਨ ਸਭਾ ਦੇ ਮਹਾਸਕੱਤਰ ਹਨਾਨ ਮੋਲਾ ਨੇ ਦੱਸਿਆ ਕਿ ਬੁੱਧਵਾਰ ਕਿਸਾਨਾਂ ਤੇ ਸਰਕਾਰ ਵਿਚਾਲੇ ਹੋਣ ਵਾਲੀ ਬੈਠਕ ਹੁਣ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਹਾ ਗਿਆ ਕਿ ਅੱਜ ਕਿਸਾਨ ਲੀਡਰਾਂ ਨੂੰ ਸਰਕਾਰ ਵੱਲੋਂ ਪ੍ਰਸਤਾਵ ਦਿੱਤਾ ਜਾਵੇਗਾ। ਉਸ ਤੋਂ ਬਾਅਦ ਕਿਸਾਨ ਲੀਡਰਾਂ ਵੱਲੋਂ ਉਸ ਪ੍ਰਸਤਾਵ 'ਤੇ ਬੈਠਕ ਕੀਤੀ ਜਾਵੇਗੀ। ਅੱਜ ਕਿਸਾਨ ਦਿੱਲੀ-ਹਰਿਆਣਾ ਬਾਰਡਰ ਸਥਿਤ ਸਿੰਘੂ ਬਾਰਡਰ 'ਤੇ ਦੁਪਹਿਰ 12 ਵਜੇ ਬੈਠਕ ਕਰਨਗੇ।
ਖੇਤੀ ਕਾਨੂੰਨਾਂ ਨੂੰ ਲੈਕੇ ਕੇਂਦਰ ਤੇ ਕਿਸਾਨਾਂ ਦੇ ਵਿਚ ਪੇਚ ਫਸ ਗਿਆ ਹੈ। ਨਾ ਤਾਂ ਸਰਕਾਰ ਕਾਨੂੰਨ ਵਾਪਸ ਲੈਣ ਲਈ ਤਿਆਰ ਹੈ ਤੇ ਨਾ ਕਿਸਾਨ ਕਾਨੂੰਨ ਰੱਦ ਕੀਤੇ ਬਿਨਾਂ ਅੰਦੋਲਨ ਰੋਕਣ ਲਈ ਰਾਜ਼ੀ ਹਨ। ਅਜਿਹੇ 'ਚ ਹੁਣ 9 ਦਸੰਬਰ ਦੀ ਮੀਟਿੰਗ ਦੇ ਕੁਝ ਮਾਇਨੇ ਨਹੀਂ ਰਹਿ ਜਾਂਦੇ।