(Source: ECI/ABP News)
Farmers Protest: ਕਿਸਾਨ ਅਜੇ ਨਹੀਂ ਕਰਨਗੇ 'ਦਿੱਲੀ ਕੂਚ'! 3 ਮਾਰਚ ਨੂੰ ਸ਼ੁਭਕਰਨ ਦੇ ਭੋਗ ਮਗਰੋਂ ਹੋਏਗਾ ਅਗਲੀ ਰਣਨੀਤੀ ਦਾ ਐਲਾਨ
Farmers Protest 2024: ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਟਾਲ ਦਿੱਤਾ ਹੈ। ਇਸ ਬਾਰੇ ਵੀਰਵਾਰ ਨੂੰ ਵੀ ਕੋਈ ਨਵਾਂ ਐਲਾਨ ਨਹੀਂ ਹੋਇਆ। ਫਿਲਹਾਲ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਡਟੇ ਰਹਿਣਗੇ।
![Farmers Protest: ਕਿਸਾਨ ਅਜੇ ਨਹੀਂ ਕਰਨਗੇ 'ਦਿੱਲੀ ਕੂਚ'! 3 ਮਾਰਚ ਨੂੰ ਸ਼ੁਭਕਰਨ ਦੇ ਭੋਗ ਮਗਰੋਂ ਹੋਏਗਾ ਅਗਲੀ ਰਣਨੀਤੀ ਦਾ ਐਲਾਨ Farmers will not yet 'Delhi March'! next strategy will be announced after Farmer shubh karan Antim Ardas on March 3 Farmers Protest: ਕਿਸਾਨ ਅਜੇ ਨਹੀਂ ਕਰਨਗੇ 'ਦਿੱਲੀ ਕੂਚ'! 3 ਮਾਰਚ ਨੂੰ ਸ਼ੁਭਕਰਨ ਦੇ ਭੋਗ ਮਗਰੋਂ ਹੋਏਗਾ ਅਗਲੀ ਰਣਨੀਤੀ ਦਾ ਐਲਾਨ](https://feeds.abplive.com/onecms/images/uploaded-images/2024/03/01/70e2570be980fbab0ea1f50a3ec533611709265825422700_original.jpg?impolicy=abp_cdn&imwidth=1200&height=675)
Farmers Protest: ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਟਾਲ ਦਿੱਤਾ ਹੈ। ਇਸ ਬਾਰੇ ਵੀਰਵਾਰ ਨੂੰ ਵੀ ਕੋਈ ਨਵਾਂ ਐਲਾਨ ਨਹੀਂ ਹੋਇਆ। ਫਿਲਹਾਲ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਡਟੇ ਰਹਿਣਗੇ। ਕਿਸਾਨ ਅੰਦੋਲਨ ਅਜੇ ਖਤਮ ਨਹੀਂ ਹੋਵੇਗਾ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਤੇ ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਤੱਕ ਅੰਦੋਲਨ ਜਾਰੀ ਰਹੇਗਾ।
ਦੱਸ ਦਈਏ ਕਿ ਕਿਸਾਨ ਲੀਡਰਾਂ ਨੇ ਖਨੌਰੀ ਬਾਰਡਰ ਉਪਰ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਕਿਸਾਨ ਸ਼ੁਭਕਰਨ ਦੇ ਅੰਤਿਮ ਸੰਸਕਾਰ ਮਗਰੋਂ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਐਲਾਨ ਕਰਨਾ ਸੀ। ਮੰਨਿਆ ਜਾ ਰਿਹਾ ਸੀ ਕਿ ਕਿਸਾਨ ਦਿੱਲੀ ਕੂਚ ਦਾ ਐਲਾਨ ਕਰ ਸਕਦੇ ਹਨ ਪਰ ਕਿਸਾਨ ਲੀਡਰਾਂ ਨੇ ਦਿੱਲੀ ਕੂਚ ਫਿਲਹਾਲ ਟਾਲ ਦਿੱਤਾ ਹੈ। ਵੀਰਾਵਰ ਨੂੰ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਅੰਤਿਮ ਸੰਸਕਾਰ 'ਚ ਪਹੁੰਚੇ ਕਿਸਾਨ ਆਗੂ ਸਰਵਨ ਪੰਧੇਰ ਤੇ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ 3 ਮਾਰਚ ਨੂੰ ਅਰਦਾਸ ਕੀਤੀ ਜਾਵੇਗੀ। ਦਿੱਲੀ ਮਾਰਚ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਬਾਰੇ ਗੱਲ ਕਰਨ ਦਾ ਠੀਕ ਸਮਾਂ ਨਹੀਂ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੁਭਕਰਨ ਨੇ ਸਰਕਾਰ ਦੇ ਅੱਤਿਆਚਾਰਾਂ ਖਿਲਾਫ ਸਬਰ ਨਾਲ ਲੜਦੇ ਹੋਏ ਕੁਰਬਾਨੀ ਦਿੱਤੀ ਹੈ। ਡੱਲੇਵਾਲ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ 3 ਮਾਰਚ ਨੂੰ ਸ਼ੁਭਕਰਨ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਦਬਾਅ ਹੇਠ ਸਰਕਾਰ ਨੇ ਸ਼ੁਭਕਰਨ ਨੂੰ ਸ਼ਹੀਦ ਐਲਾਨਿਆ ਹੈ। ਆਫ ਸੀਜ਼ਨ ਵਿੱਚ ਗੰਨੇ ਦੀ ਕੀਮਤ ਵਿੱਚ ਵਾਧਾ ਕਰਨਾ ਪਿਆ ਹੈ। ਹਰਿਆਣਾ ਵਿੱਚ ਸਰਕਾਰ ਨੂੰ ਕਰਜ਼ਿਆਂ 'ਤੇ ਵਿਆਜ ਤੇ ਜੁਰਮਾਨਾ ਮੁਆਫ ਕਰਨਾ ਪਿਆ ਹੈ। ਡੱਲੇਵਾਲ ਨੇ ਕਿਹਾ ਕਿ ਦੇਸ਼ ਦੇ ਲੋਕ ਕਹਿੰਦੇ ਸਨ ਕਿ ਪੰਜਾਬ ਦੇ ਕਿਸਾਨਾਂ ਨੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਅੰਦੋਲਨ ਖਤਮ ਕਰ ਦਿੱਤਾ ਹੈ ਪਰ ਅੱਜ ਅਸੀਂ ਫਿਰ ਉਹੀ ਅੰਦੋਲਨ ਖੜ੍ਹਾ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਸਬਕ ਸਿਖਾਵਾਂਗੇ। ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਨੂੰ ਅਗਵਾ ਕਰਕੇ ਲੈ ਗਏ। ਉਸ ਦੀਆਂ ਲੱਤਾਂ ਤੇ ਬਾਹਾਂ ਤੋੜ ਦਿੱਤੀਆਂ ਗਈਆਂ। ਸਿਰ ਪਾੜ ਦਿੱਤਾ ਗਿਆ ਸੀ। ਬੋਰੀ ਵਿੱਚ ਪਾ ਕੇ ਕੁੱਟਿਆ। ਉਨ੍ਹਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕਰਦਾ ਹਾਂ। ਪੰਜਾਬ ਸਰਕਾਰ ਨੂੰ ਵੀ ਅਗਵਾ ਦਾ ਕੇਸ ਦਰਜ ਕਰਨਾ ਚਾਹੀਦਾ ਹੈ।
ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਹੈ। ਉਨ੍ਹਾਂ ਦੱਸਿਆ ਕਿ 3 ਮਾਰਚ ਨੂੰ ਪਿੰਡ ਬੱਲੋ ਦੀ ਦਾਣਾ ਮੰਡੀ ਵਿੱਚ ਭੋਗ ਪਏਗਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨੀਮ ਫੌਜੀ ਬਲਾਂ ਨੇ ਕਿਸਾਨ ਨੂੰ ਸ਼ਹੀਦ ਕੀਤਾ ਹੈ। ਦੇਸ਼ ਦੇ 140 ਕਰੋੜ ਲੋਕ ਮੋਦੀ ਸਰਕਾਰ ਨੂੰ ਇਸ ਦਾ ਜਵਾਬ ਦੇਣਗੇ।
ਪੰਧੇਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਸ਼ਾਂਤਮਈ ਸੀ ਤੇ ਭਵਿੱਖ ਵਿੱਚ ਵੀ ਸ਼ਾਂਤਮਈ ਰਹਾਂਗੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਗਾਰੰਟੀ ਕਾਨੂੰਨ, ਡਾ. ਸਵਾਮੀਨਾਥਨ ਕਮਿਸ਼ਨ ਅਨੁਸਾਰ ਫ਼ਸਲਾਂ ਦੇ ਭਾਅ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਹੈ। ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਆਉਣ ਵਾਲੇ ਸਮੇਂ ਵਿੱਚ ਅੰਦੋਲਨ ਦੀ ਰੂਪ ਰੇਖਾ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)