ਪੜਚੋਲ ਕਰੋ
ਸ਼ਾਹਕੋਟ 'ਚ ਕਾਂਗਰਸ ਨੂੰ ਝਟਕਾ, ਟਿਕਟ ਮਿਲਣ ਤੋਂ ਅਗਲੀ ਸਵੇਰ ਉਮੀਦਵਾਰ ਖਿਲਾਫ ਕੇਸ

ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਸਿਤਾਰੇ ਗਰਦਿਸ਼ ਵਿੱਚ ਹਨ। ਟਿਕਟ ਮਿਲਣ ਤੋਂ ਅਗਲੀ ਸਵੇਰ ਹੀ ਲਾਡੀ ਸਮੇਤ ਚਾਰ ਲੋਕਾਂ ਵਿਰੁੱਧ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਹੋ ਗਿਆ ਹੈ। ਕੌਣ ਹਨ ਮੁਲਜ਼ਮ- ਜਲੰਧਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੇ ਥਾਣਾ ਮਹਿਤਪੁਰ ਵਿੱਚ ਲਾਡੀ, ਠੇਕੇਦਾਰ ਸੁਰਜੀਤ ਸਿੰਘ ਮਲਸੀਆਂ, ਅਸ਼ਵਿੰਦਰ ਸਿੰਘ ਤੇ ਖਣਨ ਅਧਿਕਾਰੀਆਂ ਵਿਰੁੱਧ ਮਾਈਨਜ਼ ਤੇ ਮਿਨਰਲਜ਼ (ਡਿਵੈਲਪਮੈਂਟ ਤੇ ਰੈਗੂਲੇਸ਼ਨ) ਐਕਟ ਦੇ ਸੈਕਸ਼ਨ 21 ਤੇ ਆਈਪੀਸੀ ਦੇ ਸੈਕਸ਼ਨ 379 ਤਹਿਤ ਐਫਆਈਆਰ ਨੰਬਰ 52 ਦਰਜ ਕੀਤੀ ਗਈ ਹੈ। ਕੀ ਲਿਖਿਆ ਸ਼ਿਕਾਇਤ ਵਿੱਚ- ਦਿਲਚਸਪ ਗੱਲ ਇਹ ਹੈ ਕਿ ਮਹਿਤਪੁਰ ਥਾਣਾ ਮੁਖੀ ਪਰਮਿੰਦਰ ਸਿੰਘ ਦੀ ਦੋ ਦਿਨ ਪਹਿਲਾਂ ਹੀ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਇੱਥੇ ਬਦਲੀ ਹੋਈ ਹੈ। ਦਰਜ ਕੀਤੀ ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਕਾਂਗਰਸ ਦੇ ਹਲਕਾ ਇੰਚਾਰਜ ਲਾਡੀ ਤੇ ਠੇਕੇਦਾਰ ਵੱਲੋਂ ਕੈਮਵਾਲਾ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਦੋਵੇਂ ਰਾਏਪੁਰ, ਗੁੱਜਰਾਂ, ਗੌਸਵਾਲ, ਛੋਲੀਆ, ਬਾਲੋਕੀ, ਬੁੜੇਵਾਲ, ਖੁਰਲਪੁਰ, ਚੱਕ ਬਾਹਮਣੀਆਂ, ਪਿੱਪਲੀ ਮਹਿਣੀ, ਉਮਰਾਵਾਲ ਬਿਲਾ, ਗੱਗ ਢਾਗਰਾ ਪਿੰਡਾਂ ਵਿੱਚ ਤੇ ਧਰਮਕੋਟ ਦੇ ਪਿੰਡ ਗੱਟੀ ਜੱਟਾਂ ਵਿੱਚ ਵੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਸ਼ੁੱਕਰਵਾਰ ਸਵੇਰੇ ਸਾਢੇ ਕੁ ਚਾਰ ਵਜੇ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤੀ ਐਫਆਈਆਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਖਣਨ ਦਿਨ ਤੇ ਰਾਤ ਲਗਾਤਾਰ ਜਾਰੀ ਹੈ। ਇੱਥੇ ਮਜ਼ਦੂਰਾਂ ਦੇ ਹੱਕਾਂ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ। ਕਾਂਗਰਸ ਲਈ ਮੁਸ਼ਕਲ- ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਲਈ ਵੱਡੀ ਆਫ਼ਤ ਆ ਗਈ ਹੈ। ਇਸ ਸੀਟ ਦੀ ਟਿਕਟ ਲੈਣ ਲਈ ਪਾਰਟੀ ਦੇ ਕਈ ਵੱਡੇ ਲੀਡਰ ਦੌੜ ਵਿੱਚ ਸਨ ਪਰ ਰਾਹੁਲ ਗਾਂਧੀ ਨੇ ਲਾਡੀ ਦੇ ਨਾਂ 'ਤੇ ਮੋਹਰ ਲਾਈ ਸੀ। ਨਾਜਾਇਜ਼ ਮਾਇਨਿੰਗ ਦਾ ਇਲਜ਼ਾਮ ਕਾਂਗਰਸੀ ਨੇਤਾਵਾਂ 'ਤੇ ਵੀ ਲੱਗਦਾ ਰਿਹਾ ਹੈ ਪਰ ਪਾਰਟੀ ਨਹੀਂ ਸੀ ਮੰਨਦੀ। ਹੁਣ ਕੈਪਟਨ ਰਾਜ ਵਿੱਚ ਕਾਂਗਰਸੀ ਉਮੀਦਵਾਰਾਂ ਖਿਲਾਫ਼ ਇਹ ਮਾਈਨਿੰਗ ਦਾ ਕੇਸ ਤਾਂ ਸਿਆਸੀ ਮੁੱਦਾ ਬਣੇਗਾ ਹੀ। ਕਦੋਂ ਪੈਣਗੀਆਂ ਵੋਟਾਂ- ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਹਲਕੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਚੋਣ ਕਮਿਸ਼ਨ ਨੇ ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦੀ ਅੰਤਮ ਮਿਤੀ 10 ਮਈ ਰੱਖੀ ਹੈ। ਵੋਟਾਂ ਪੈਣ ਦਾ ਦਿਨ 28 ਮਈ ਤੈਅ ਕੀਤਾ ਗਿਆ ਹੈ ਤੇ ਨਤੀਜੇ 1 ਜੂਨ ਨੂੰ ਐਲਾਨੇ ਜਾਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















