ਬਰਖਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਓਐਸਡੀ ਪ੍ਰਦੀਪ ਨਾਲ ਮਿਲ ਇੰਝ ਬੁਣਿਆ ਭ੍ਰਿਸ਼ਟਾਚਾਰ ਦਾ ਜਾਲ, ਸੀਐਮ ਭਗਵੰਤ ਮਾਨ ਪਤਾ ਲੱਗਾ ਤਾਂ ਖੁਦ ਹੀ ਫਸ ਗਿਆ, ABP Sanjha ਹੱਥ ਲੱਗਾ ਪੂਰੀ ਡਿਟੇਲ
Punjab Health Minister FIR: ਐਫਆਈਆਰ ਵਿੱਚ ਬਰਖ਼ਾਸਤ ਮੰਤਰੀ ਸਿੰਗਲਾ ‘ਤੇ ਓਐਸਡੀ ਪ੍ਰਦੀਪ ਕੁਮਾਰ ਜ਼ਰੀਏ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ। ਮੁਹਾਲੀ 'ਚ ਤਾਇਨਾਤ ਸੁਪਰਡੈਂਟ ਇੰਜਨੀਅਰ ਰਜਿੰਦਰ ਸਿੰਘ ਨੇ ਕਮਿਸ਼ਨ ਤੇ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕਰਵਾਇਆ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖ਼ਾਸਤ ਕੀਤੇ ਗਏ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਦਰਜ ਐਫਆਈਆਰ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਸੁਪਰਡੈਂਟ ਇੰਜਨੀਅਰ ਰਜਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਸਿਹਤ ਮੰਤਰੀ ਸਿੰਗਲਾ ਨੇ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਪੰਜਾਬ ਭਵਨ ਦੇ ਕਮਰਾ ਨੰਬਰ 203 ਵਿੱਚ ਬੁਲਾਇਆ। ਉਨ੍ਹਾਂ ਕਿਹਾ ਕਿ ਮੈਨੂੰ ਕਾਹਲ ਹੈ ਤੇ ਮੈਂ ਕਿਤੇ ਜਾ ਰਿਹਾ ਹਾਂ। ਉਨ੍ਹਾਂ ਸ਼ਿਕਾਇਤ ‘ਚ ਕਿਹਾ ਕਿ ਓਐਸਡੀ ਪ੍ਰਦੀਪ ਕੁਮਾਰ ਵੀ ਉਸੇ ਕਮਰੇ ਵਿੱਚ ਮੌਜੂਦ ਸੀ। ਉੱਥੋਂ ਜਾਣ ਤੋਂ ਪਹਿਲਾਂ ਮੰਤਰੀ ਨੇ ਕਿਹਾ, ਪ੍ਰਦੀਪ ਜੋ ਕਹੇਗਾ ਸਮਝੋ, ਉਹ ਮੈਂ ਕਹਿ ਰਿਹਾ ਹਾਂ। ਇਹ ਕਹਿ ਕੇ ਮੰਤਰੀ ਉੱਥੋਂ ਚਲੇ ਗਏ।''
ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਕਮਰੇ 'ਚ ਮੌਜੂਦ ਓਐਸਡੀ ਪ੍ਰਦੀਪ ਕੁਮਾਰ ਨੇ ਕਿਹਾ ਤੁਹਾਡੇ ਦਫਤਰ ਤੋਂ 41 ਕਰੋੜ ਦੀ ਕੰਸਟਰੱਕਸ਼ਨ ਅਲਾਟਮੈਂਟ ਜਾਰੀ ਕੀਤੀ ਗਈ ਹੈ ਤੇ ਠੇਕੇਦਾਰਾਂ ਨੂੰ ਮਾਰਚ ਮਹੀਨੇ ਦੀ 17 ਕਰੋੜ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਕੁੱਲ ਮਿਲਾ ਕੇ ਇਹ 58 ਕਰੋੜ ਬਣਦਾ ਹੈ, ਜਿਸ ਦਾ 2% ਭਾਵ ਇੱਕ ਕਰੋੜ 16 ਲੱਖ ਰੁਪਏ ਕਮਿਸ਼ਨ ਦਿੱਤਾ ਜਾਵੇ। ਇਸ ਤੋਂ ਬਾਅਦ ਐਸਈ ਰਜਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਮੈਨੂੰ ਮੇਰੇ ਪੇਰੈਂਟ ਵਿਭਾਗ ਵਿੱਚ ਵਾਪਸ ਭੇਜ ਦਿੱਤਾ ਜਾਵੇ ਤੇ ਜੋ ਅਧਿਕਾਰੀ ਕਮਿਸ਼ਨ ਦੇਣ ਲਈ ਤਿਆਰ ਹੋਵੇ ਤੇ ਉਸ ਨੂੰ ਉਸ ਦੇ ਅਹੁਦੇ 'ਤੇ ਨਿਯੁਕਤ ਕਰ ਲਿਆ ਜਾਵੇ।
ਇਸ ਤੋਂ ਬਾਅਦ 8 ਮਈ ਤੋਂ ਮੰਤਰੀ ਦਾ ਓਐਸਡੀ ਪ੍ਰਦੀਪ ਕੁਮਾਰ ਵ੍ਹੱਟਸਐਪ ’ਤੇ ਐਸਈ ਰਜਿੰਦਰ ਸਿੰਘ ਨੂੰ ਲਗਾਤਾਰ ਫੋਨ ਕਰਨ ਲੱਗਾ। ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਐਸਈ ਰਜਿੰਦਰ ਸਿੰਘ ਦਾ ਕੈਰੀਅਰ ਖਰਾਬ ਕਰਨ ਦੀਆਂ ਧਮਕੀਆਂ ਮਿਲਣ ਲੱਗੀਆਂ। ਰਜਿੰਦਰ ਦੀ ਇਸ ਸਾਲ 30 ਨਵੰਬਰ ਨੂੰ ਸੇਵਾ ਮੁਕਤੀ ਹੈ। ਐਫਆਈਆਰ ਮੁਤਾਬਕ 20 ਮਈ ਨੂੰ ਐਸਈ ਰਜਿੰਦਰ ਸਿੰਘ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਉਸ ਨੂੰ ਹੋਰ ਅਲਾਟਮੈਂਟ ਦਾ 1% ਕਮਿਸ਼ਨ ਦੇਣ ਲਈ ਕਿਹਾ ਗਿਆ।
ਐਸਈ ਰਜਿੰਦਰ ਨੇ ਦੱਸਿਆ ਕਿ 23 ਮਈ ਨੂੰ ਓਐਸਡੀ ਪ੍ਰਦੀਪ ਕੁਮਾਰ ਦਾ ਫੋਨ ਆਇਆ, ਮੈਨੂੰ ਸਕੱਤਰੇਤ ਬੁਲਾਇਆ ਗਿਆ। ਪ੍ਰਦੀਪ ਕੁਮਾਰ ਨੂੰ ਪੰਜ ਲੱਖ ਰੁਪਏ ਦੇਣ ਦੀ ਗੱਲ ਹੋਈ। ਮੰਤਰੀ ਸਿੰਗਲਾ ਤੇ ਓਐਸਡੀ ਪ੍ਰਦੀਪ ਕੁਮਾਰ ‘ਚ ਇਸ ਬਾਰੇ ਜੋ ਗੱਲ ਹੋਈ, ਇਸ ਦੀ ਰਿਕਾਰਡਿੰਗ ਰਜਿੰਦਰ ਨੇ ਕਰ ਲਈ। ਇਸ ਰਿਕਡਿੰਗ ‘ਚ ਮੰਤਰੀ ਸਿੰਗਲਾ ਪੰਜ ਲੱਖ ਰੁਪਏ ਓਐਸਡੀ ਪ੍ਰਦੀਪ ਕੁਮਾਰ ਨੂੰ ਦੇਣ ਦੀ ਗੱਲ ਕਰ ਰਹੇ ਸੀ, ਨਾਲ ਹੀ ਰਜਿੰਦਰ ਆਪਣਾ ਕੈਰੀਅਰ ਬਚਾਉਣ ਦੀ ਗੱਲ ਕਰ ਰਿਹਾ ਹੈ।
ਜਦੋਂ ਸੀਐਮ ਭਗਵੰਤ ਮਾਨ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਮੋਹਾਲੀ ਪੁਲਿਸ ਨੂੰ ਤੁਰੰਤ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਤੇ ਮੰਤਰੀ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰ ਦਿੱਤਾ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਸਿੰਗਲਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਸ ਮਾਮਲੇ ‘ਚ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਦੀ ਖੂਬ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ: Verka's Sugar Free Ice Cream: ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ