ਮੋਹਾਲੀ ਤੋਂ ਹਵਾਈ ਫਾਇਰਿੰਗ ਦਾ ਵੀਡੀਓ ਵਾਇਰਲ; ਵਿਆਹ ‘ਚ ਚੱਲ ਰਿਹਾ ਸੀ ਸਰਪੰਚੀ ਦਾ ਗੀਤ,ਥਿਰਕਦੇ ਹੋਏ ਕੱਢੇ ਇੱਕ ਤੋਂ ਬਾਅਦ ਇੱਕ ਕਈ ਫਾਇਰ
ਵਿਆਹ ਦੇ ਪ੍ਰੋਗਰਾਮਾਂ ਦੇ ਵਿੱਚ ਹਾਵਾਬਾਜ਼ੀ ਕਰਦੇ ਹੋਏ ਹਵਾਈ ਫਾਇਰਿੰਗ ਕਰਨ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਸਿਲਸਿਲੇ ਦੇ ਚੱਲਦੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਹੈ। ਜਿੱਥੇ ਸਟੇਜ ਉੱਤੇ ਨੱਚਦੇ ਹੋਏ..

ਪੰਜਾਬ ਦੇ ਮੋਹਾਲੀ 'ਚ ਇਕ ਵਿਆਹ ਸਮਾਗਮ ਦੌਰਾਨ ਮੰਚ 'ਤੇ ਨੱਚ ਰਹੇ ਵਿਅਕਤੀ ਨੇ ਪਹਿਲਾਂ ਹਵਾਈ ਫਾਇਰ ਕੀਤੇ। ਇਸ ਤੋਂ ਬਾਅਦ ਜਦੋਂ ਉਹ ਆਪਣੀ ਪਿਸਤੌਲ ਨੂੰ ਜੇਬ 'ਚ ਰੱਖਣ ਲੱਗਾ, ਤਾਂ ਪਿਸਤੌਲ ਤੋਂ ਇੱਕ ਹੋਰ ਗੋਲੀ ਚੱਲ ਗਈ। ਹਾਲਾਂਕਿ, ਇਸ ਘਟਨਾ 'ਚ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ, ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਥੇ ਹੀ, ਮੋਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੰਚ 'ਤੇ ਵਿਖਾ ਰਿਹਾ ਸੀ ਆਪਣੀ ਟੌਹਰ
ਜਾਣਕਾਰੀ ਅਨੁਸਾਰ, ਇਹ ਮਾਮਲਾ ਏਅਰਪੋਰਟ ਦੇ ਨੇੜਲੇ ਸੈਕਟਰ 101, ਸੈਣੀ ਮਾਜਰਾ ਦਾ ਹੈ। ਜਦ ਇਹ ਘਟਨਾ ਵਾਪਰੀ, ਤਾਂ ਮੰਚ 'ਤੇ ਲਗਭਗ ਤਿੰਨ ਨੌਜਵਾਨ ਨੱਚ ਰਹੇ ਸਨ। ਡੀਜੇ 'ਤੇ "40 ਲੱਖ ਚ ਪਾਵਾਂਗਾ ਟੈਗ ਸਰਪੰਚੀ ਦਾ" ਗੀਤ ਚੱਲ ਰਿਹਾ ਸੀ। ਜਿਵੇਂ ਹੀ ਵਿਅਕਤੀ ਨੇ ਹਵਾਈ ਫਾਇਰ ਕੀਤੇ, ਤਾਂ ਹੋਰ ਤਿੰਨ ਨੌਜਵਾਨ ਵੀ ਮੰਚ 'ਤੇ ਆ ਕੇ ਨੱਚਣ ਲੱਗ ਪਏ। ਹਾਲਾਂਕਿ, ਇੱਕ ਵਿਅਕਤੀ ਉਨ੍ਹਾਂ ਨੂੰ ਐਸਾ ਕਰਨ ਤੋਂ ਰੋਕ ਰਿਹਾ ਸੀ।
ਸਭ ਕੁਝ ਸਧਾਰਨ ਚੱਲ ਰਿਹਾ ਸੀ, ਪਰ ਲਗਭਗ ਡੇੜ੍ਹ ਮਿੰਟ ਦੇ ਅੰਦਰ ਹੀ ਜਦੋਂ ਉਹ ਵਿਅਕਤੀ ਆਪਣੀ ਪਿਸਤੌਲ ਜੇਬ ਵਿੱਚ ਰੱਖਣ ਲੱਗਾ, ਤਾਂ ਗਲਤੀ ਨਾਲ ਟ੍ਰਿਗਰ ਦੱਬ ਗਿਆ ਅਤੇ ਗੋਲੀ ਚੱਲ ਗਈ। ਹਾਲਾਂਕਿ, ਸਭ ਲੋਕ ਸੁਰੱਖਿਅਤ ਰਹੇ, ਕਿਉਂਕਿ ਗੋਲੀ ਡੀਜੇ ਸਿਸਟਮ ਵੱਲ ਚੱਲੀ। ਇਸ ਤੋਂ ਬਾਅਦ ਸਾਰੇ ਲੋਕ ਮੰਚ ਤੋਂ ਹੇਠਾਂ ਉਤਰ ਗਏ, ਪਰ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ।
ਪ੍ਰੋਗਰਾਮਾਂ ਉੱਤੇ ਹਵਾਬਾਜ਼ੀ ਕਰਦੇ ਹੋਏ ਫਾਇਰਿੰਗ ਕਰਨ ਉੱਤੇ ਬੈਨ ਲੱਗਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈਕੋਰਟ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਸਖ਼ਤ ਹੈ। ਵਿਆਹ ਜਾਂ ਕਿਸੇ ਹੋਰ ਸਮਾਗਮ ਵਿੱਚ ਹਵਾਈ ਫਾਇਰਿੰਗ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਪੁਲਿਸ ਨੂੰ ਅਜਿਹੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ, ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਰੋਕ ਲਾਈ ਸੀ।
ਇਸ ਦੇ ਬਾਵਜੂਦ, ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਸੱਤ ਦਿਨ ਪਹਿਲਾਂ ਬਰਨਾਲਾ 'ਚ ਵੀ ਕੁੱਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਕੇਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ, 22 ਫਰਵਰੀ ਨੂੰ ਜਲੰਧਰ 'ਚ ਗੋਲੀ ਚਲਣ ਦੀ ਘਟਨਾ ਵਿੱਚ ਦੋ ਲੋਕ ਜ਼ਖਮੀ ਹੋ ਗਏ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
