Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਕਰਕੇ ਚੰਗੀ ਬਾਰਸ਼ ਹੋ ਰਹੀ ਹੈ। ਇਸ ਦੇ ਬਾਵਜੂਦ ਪੰਜਾਬ ਵਿੱਚ ਅਜੇ ਹੜ੍ਹਾਂ ਦਾ ਕੋਈ ਖਤਰਾ ਨਹੀਂ। ਹਿਮਾਚਲ ਵਿੱਚੋਂ ਨਿਕਲਦੀਆਂ ਨਦੀਆਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੀ ਹੈ।
Flood Alert in Punjab: ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਕਰਕੇ ਚੰਗੀ ਬਾਰਸ਼ ਹੋ ਰਹੀ ਹੈ। ਇਸ ਦੇ ਬਾਵਜੂਦ ਪੰਜਾਬ ਵਿੱਚ ਅਜੇ ਹੜ੍ਹਾਂ ਦਾ ਕੋਈ ਖਤਰਾ ਨਹੀਂ। ਹਿਮਾਚਲ ਵਿੱਚੋਂ ਨਿਕਲਦੀਆਂ ਨਦੀਆਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੀ ਹੈ। ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਹੇਠਾਂ ਹੈ। ਇਸ ਵੇਲੇ ਡੈਮਾਂ ਤੋਂ ਆਮ ਵਾਂਗ ਹੀ ਪਾਣੀ ਛੱਡਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਭਾਖੜਾ ਡੈਮ ਦੀ ਗੋਬਿੰਦਸਾਗਰ ਝੀਲ ਵਿੱਚ ਬਰਸਾਤ ਦੇ ਮੌਸਮ ਦੌਰਾਨ ਪਾਣੀ ਦਾ ਪੱਧਰ ਵਧ ਰਿਹਾ ਹੈ ਪਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ। ਐਤਵਾਰ ਨੂੰ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1594.45 ਫੁੱਟ ਰਿਕਾਰਡ ਕੀਤਾ ਗਿਆ ਜੋ ਪਿਛਲੇ ਸਾਲ ਨਾਲੋਂ 7.83 ਫੁੱਟ ਘੱਟ ਸੀ।
ਐਤਵਾਰ ਨੂੰ ਗੋਬਿੰਦਸਾਗਰ ਝੀਲ ਵਿੱਚ ਪਾਣੀ ਦੀ ਆਮਦ 42,569 ਕਿਊਸਿਕ ਦਰਜ ਕੀਤੀ ਗਈ ਤੇ ਭਾਖੜਾ ਡੈਮ ਤੋਂ ਨੰਗਲ ਡੈਮ ਝੀਲ ਵਿੱਚ ਟਰਬਾਈਨਾਂ ਰਾਹੀਂ 30,102 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਤਿੰਨ ਮਹੀਨਿਆਂ ਦੇ ਬਰਸਾਤ ਦੇ ਮੌਸਮ ਵਿੱਚ ਜ਼ਿਆਦਾ ਹੁੰਦੀ ਹੈ। ਉਂਝ ਇਸ ਸਮੇਂ ਹਿਮਾਚਲ ਦੇ ਉਪਰਲੇ ਖੇਤਰਾਂ ਤੋਂ ਜ਼ਿਆਦਾ ਪਾਣੀ ਨਹੀਂ ਆ ਰਿਹਾ।
ਇਹ ਵੀ ਅਹਿਮ ਹੈ ਕਿ ਜੇਕਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਉੱਚਾ ਹੁੰਦਾ ਹੈ ਤਾਂ ਇਹ ਪੰਜਾਬ ਤੇ ਹਰਿਆਣਾ ਸਮੇਤ ਕਈ ਹੋਰ ਰਾਜਾਂ ਲਈ ਲਾਹੇਵੰਦ ਹੈ। ਇਸ ਨਾਲ ਬਿਜਲੀ ਉਤਪਾਦਨ ਵਧਦਾ ਹੈ ਤੇ ਲੋਕਾਂ ਨੂੰ ਸਿੰਚਾਈ ਲਈ ਵੀ ਰਾਹਤ ਮਿਲਦੀ ਹੈ।
ਬੀਬੀਐਮਬੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਪੌਂਗ ਡੈਮ ਦਾ ਪਾਣੀ ਦਾ ਪੱਧਰ 1314.26 ਫੁੱਟ ਰਿਕਾਰਡ ਕੀਤਾ ਗਿਆ, ਜਦੋਂਕਿ ਪਿਛਲੇ ਸਾਲ ਇਸੇ ਦਿਨ ਇਹ 1337.40 ਫੁੱਟ ਸੀ। ਪੌਂਗ ਡੈਮ ਵਿੱਚ ਪਾਣੀ ਦੀ ਆਮਦ 88,881 ਕਿਊਸਿਕ ਦਰਜ ਕੀਤੀ ਗਈ, ਜੋ ਪਿਛਲੇ ਸਾਲ ਨਾਲੋਂ ਵੱਧ ਹੈ।
ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ 502.37 ਫੁੱਟ ਰਿਕਾਰਡ ਕੀਤਾ ਗਿਆ, ਜਦੋਂਕਿ ਪਿਛਲੇ ਸਾਲ ਇਸੇ ਦਿਨ ਇਹ 513.10 ਫੁੱਟ ਸੀ। ਡੈਮ ਵਿੱਚ ਪਾਣੀ ਦੀ ਆਮਦ 11,400 ਕਿਊਸਿਕ ਦਰਜ ਕੀਤੀ ਗਈ, ਜਦੋਂਕਿ ਪਿਛਲੇ ਸਾਲ ਇਸੇ ਦਿਨ ਇਹ 15,458 ਕਿਊਸਿਕ ਸੀ ਤੇ ਡੈਮ ਵਿੱਚੋਂ 8580 ਕਿਊਸਿਕ ਪਾਣੀ ਛੱਡਿਆ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।