Flood in Punjab: ਮਾਲਵੇ ਤੇ ਦੁਆਬੇ ਤੋਂ ਬਾਅਦ ਹੁਣ ਮਾਝੇ 'ਚ ਹੜ੍ਹਾਂ ਦਾ ਕਹਿਰ, ਕਈ ਸਰਹੱਦੀ ਪਿੰਡਾਂ ਦਾ ਸੰਪਰਕ ਟੁੱਟਾ, ਕਰਤਾਰਪੁਰ ਸਾਹਿਬ ਦੀ ਯਾਤਰਾ ਰੱਦ
ਇਸ ਦੇ ਨਾਲ ਹੀ ਕਰਤਾਰਪੁਰ ਲਾਂਘਾ ਵੀ ਅਗਲੇ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ ਸ਼ਰਧਾਲੂ ਅਗਲੇ 3 ਦਿਨਾਂ ਤੱਕ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਣਗੇ।
Flood in Punjab: ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਮਾਲਵੇ ਤੇ ਦੁਆਬੇ ਤੋਂ ਬਾਅਦ ਹੁਣ ਮਾਝਾ ਵੀ ਹੜ੍ਹਾਂ ਦੀ ਲਪੇਟ ਵਿੱਚ ਹੈ। ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਚੱਕੀ ਪੁਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਪੁਲ ਦੀ ਨੀਂਹ ਪਾਣੀ ਦੇ ਵਹਾਅ ਕਾਰਨ ਨੁਕਸਾਨੀ ਗਈ ਹੈ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘਾ ਵੀ ਅਗਲੇ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ ਸ਼ਰਧਾਲੂ ਅਗਲੇ 3 ਦਿਨਾਂ ਤੱਕ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਣਗੇ।
ਉਂਝ ਰਾਵੀ ਦਰਿਆ ਦਾ ਪਾਣੀ ਹਾਲੇ ਕੰਟਰੋਲ ਹੇਠ ਹੈ ਤੇ ਵਹਾਅ ਵੀ ਆਮ ਵਾਂਗ ਹੈ ਪਰ ਇਸ ਦੇ ਬਾਵਜੂਦ ਪਿੰਡ ਮਕੋੜਾ ਪੱਤਣ ਤੇ ਨੇੜਲੇ 7 ਪਿੰਡਾਂ ਦਾ ਗੁਰਦਾਸਪੁਰ ਨਾਲੋਂ ਸੰਪਰਕ ਟੁੱਟ ਗਿਆ ਹੈ। ਹੁਣ ਸੜਕ ਜਾਂ ਪਾਣੀ ਰਾਹੀਂ ਕੋਈ ਸੰਪਰਕ ਨਹੀਂ ਰਿਹਾ। ਬਜ਼ੁਰਗਾਂ, ਬੱਚਿਆਂ ਤੇ ਬਿਮਾਰਾਂ ਨੂੰ ਕੱਢਣ ਲਈ ਫੌਜ ਦੀਆਂ ਕਿਸ਼ਤੀਆਂ ਪਿੰਡਾਂ ਵਿੱਚ ਜਾ ਰਹੀਆਂ ਹਨ।
ਮਾਲਵਾ ਵਿੱਚ ਘੱਗਰ ਦਾ ਕਹਿਰ
ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦੇ ਚਾਂਦਪੁਰਾ ਬੰਨ੍ਹ ਸਮੇਤ ਕਈ ਹੋਰ ਬੰਨ੍ਹਾਂ ਦੇ ਟੁੱਟਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਨੂੰ ਮਿਲਾਉਣ ਵਾਲੇ ਦੋ ਕੌਮੀ ਮਾਰਗ ਪਿਛਲੇ ਚਾਰ ਦਿਨਾਂ ਤੋਂ ਬੰਦ ਪਏ ਹਨ। ਇਨ੍ਹਾਂ ਵਿੱਚ ਲੁਧਿਆਣਾ-ਸਿਰਸਾ ਵਾਇਆ ਮਾਨਸਾ ਤੇ ਬੁਢਲਾਡਾ ਤੋਂ ਰਤੀਆ ਫ਼ਤਿਆਬਾਦ ਮਾਰਗ ਸ਼ਾਮਲ ਹਨ ਜਿਸ ਕਾਰਨ ਹਰਿਆਣਾ, ਰਾਜਸਥਾਨ ਤੇ ਦਿੱਲੀ ’ਚੋਂ ਵਪਾਰਕ ਸਾਮਾਨ ਨੂੰ ਲਿਆਉਣ ਤੇ ਭੇਜਣ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ।
ਇਨ੍ਹਾਂ ਵੱਡੀਆਂ ਸੜਕਾਂ ਉਤੇ ਪਾਣੀ ਆਉਣ ਕਾਰਨ ਮੁੱਖ ਮਾਰਗਾਂ ਨੂੰ ਬੰਦ ਕੀਤਾ ਗਿਆ ਹੈ। ਇਨ੍ਹਾਂ ਮਾਰਗਾਂ ’ਤੇ ਹੁਣ ਦੋਨੋਂ ਸੂਬਿਆਂ ਦੀ ਬੱਸ ਸੇਵਾ ਵੀ ਪ੍ਰਭਾਵਤ ਹੋ ਗਈ ਹੈ। ਵੀਰਵਾਰ ਨੂੰ ਕੁਝ ਕੁ ਬੱਸਾਂ ਲਿੰਕ ਰੋਡ ਰਾਹੀਂ ਸਿਰਸਾ ਤੇ ਫ਼ਤਿਆਬਾਦ ਨੂੰ ਆਈਆਂ ਤੇ ਗਈਆਂ। ਉਧਰ ਪੂਰੇ ਜ਼ਿਲ੍ਹੇ ਦੇ 17 ਪਿੰਡਾਂ ਵਿੱਚ ਹੁਣ ਤੱਕ ਹੜ੍ਹ ਦਾ ਪਾਣੀ ਦਾਖ਼ਲ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਛੇ ਪਿੰਡ ਪਾਣੀ ਵਿੱਚ ਘਿਰ ਗਏ ਹਨ।
ਪਾਣੀ ਵਿੱਚ ਘਿਰੇ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਆਪਣੀਆਂ ਗਲੀਆਂ ਤੇ ਘਰਾਂ ਮੂਹਰੇ ਉਚੇ ਬੰਨ੍ਹ ਮਾਰ ਕੇ ਘਰਾਂ ਨੂੰ ਬਚਾਇਆ ਹੋਇਆ ਹੈ। ਇਸ ਵੇਲੇ ਜ਼ਿਲ੍ਹੇ ਵਿਚਲੇ ਪਿੰਡ ਬੀਰੇਵਾਲਾ ਡੋਗਰਾ, ਗੋਰਖਨਾਥ, ਰਿਉਂਦ ਕਲਾਂ, ਰਿਉਂਦ ਖੁਰਦ, ਭਾਵਾ, ਕਾਹਨਗੜ੍ਹ, ਹਾਕਮਵਾਲਾ, ਕੁਲਰੀਆਂ, ਜੁਗਲਾਨ, ਗੰਢੂ ਕਲਾਂ, ਗੰਢੂ ਖੁਰਦ ਪਾਣੀ ਵਿੱਚ ਪੂਰੀ ਤਰ੍ਹਾਂ ਘਿਰੇ ਹੋਏ ਹਨ।