Weather Update: 28 ਅਗਸਤ ਤੱਕ ਹਲਕੇ ਤੇ ਦਰਮਿਆਨੇ ਮੀਂਹ ਦੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦੇ ਮੌਸਮ ਦਾ ਹਾਲ
Punjab weather Update: ਐਤਵਾਰ ਅਤੇ ਸੋਮਵਾਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ, ਇਸ ਤੋਂ ਬਾਅਦ ਮੌਸਮ ਖੁਸ਼ਕ ਰਹੇਗਾ।
Punjab Weather: ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ, ਇਸ ਤੋਂ ਬਾਅਦ ਮੌਸਮ ਖੁਸ਼ਕ ਰਹੇਗਾ। ਫਿਲਹਾਲ ਵਿਭਾਗ ਨੇ 29 ਅਗਸਤ ਤੋਂ 1 ਸਤੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਤਾਪਮਾਨ 'ਚ 0.9 ਡਿਗਰੀ ਦੀ ਗਿਰਾਵਟ ਕਾਰਨ ਇਹ ਅਜੇ ਵੀ ਆਮ ਦੇ ਨੇੜੇ ਹੈ।
ਵੱਖ-ਵੱਖ ਸ਼ਹਿਰਾਂ ਵਿੱਚ ਕਿੰਨਾ ਰਿਹਾ ਤਾਪਮਾਨ
ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਅੰਮ੍ਰਿਤਸਰ ਦਾ ਪਾਰਾ 33.0 ਡਿਗਰੀ, ਲੁਧਿਆਣਾ ਦਾ 33.3, ਪਟਿਆਲਾ ਦਾ 35.8, ਪਠਾਨਕੋਟ ਦਾ 33.7 ਡਿਗਰੀ, ਬਠਿੰਡਾ ਦਾ 35.0, ਫਰੀਦਕੋਟ ਦਾ 34.2, ਐਸ.ਬੀ.ਐਸ.ਨਗਰ ਦਾ 31.8, ਫਤਿਹਗੜ੍ਹ ਦਾ 33.30 ਡਿਗਰੀ ਅਤੇ ਜਲੰਧਰ ਦਾ 32.5 ਤੇ ਰੋਪੜ ਦਾ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ ਕਿਹੜੇ ਹਿੱਸਿਆਂ ਵਿੱਚ ਪਿਆ ਮੀਂਹ
ਸ਼ੁੱਕਰਵਾਰ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਵਿੱਚ 12.0 ਮਿਲੀਮੀਟਰ, ਲੁਧਿਆਣਾ ਵਿੱਚ 9.2 ਮਿਲੀਮੀਟਰ, ਪਟਿਆਲਾ ਵਿੱਚ 0.8 ਮਿਲੀਮੀਟਰ, ਐਸਬੀਐਸ ਨਗਰ ਵਿੱਚ 11.8, ਜਲੰਧਰ ਵਿੱਚ 14.5, ਹੁਸ਼ਿਆਰਪੁਰ ਵਿੱਚ 10.0, ਬਰਨਾਲਾ ਵਿੱਚ 11.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਫਿਰੋਜ਼ਪੁਰ ਵਿੱਚ ਸ਼ਨੀਵਾਰ ਨੂੰ 29.0 ਮਿਲੀਮੀਟਰ ਮੀਂਹ ਪਿਆ। ਘੱਟੋ-ਘੱਟ ਤਾਪਮਾਨ 'ਚ 2.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਨੇੜੇ ਰਿਹਾ. ਲੁਧਿਆਣਾ ਵਿੱਚ ਸਭ ਤੋਂ ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ‘ਖੇਡਾਂ ਵਤਨ ਪੰਜਾਬ ਦੀਆਂ’ 'ਚ 35 ਖੇਡਾਂ ਲਈ 8 ਉਮਰ ਵਰਗਾਂ ਮੁਕਾਬਲੇ, 29 ਅਗਸਤ ਨੂੰ ਸੀਐਮ ਭਗਵੰਤ ਮਾਨ ਕਰਨਗੇ ਉਦਘਾਟਨ
ਹਿਮਾਚਲ ਵਿੱਚ ਕਿੰਝ ਰਹੇ ਮੌਸਮ
ਦੂਜੇ ਪਾਸੇ ਜੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਮਾਨਸੂਨ ਕਮਜ਼ੋਰ ਹੋ ਗਿਆ ਹੈ। ਹੁਣ ਸੂਬੇ ਵਿੱਚ ਇੱਕ ਹਫ਼ਤੇ ਤੱਕ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ ਵਿੱਚ ਅਜੇ ਵੀ 488 ਸੜਕਾਂ, 295 ਬਿਜਲੀ ਟਰਾਂਸਫਾਰਮਰ ਅਤੇ 154 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਠੱਪ ਪਈਆਂ ਹਨ। ਸ਼ਨੀਵਾਰ ਨੂੰ ਸੂਬੇ 'ਚ 45 ਮਕਾਨ ਢਹਿ ਗਏ, 166 ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ। 251 ਗਊਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਸਾਰੇ ਇਲਾਕਿਆਂ 'ਚ ਕਈ ਦਿਨਾਂ ਬਾਅਦ ਦਿਨ ਭਰ ਮੌਸਮ ਸਾਫ ਰਿਹਾ।