Farmer News: ਬੇਮੌਸਮੀ ਬਾਰਸ਼ ਦਾ ਕਹਿਰ, ਝੋਨੇ ਦੀ ਵਾਢੀ ਰੁਕੀ, ਮੰਡੀਆਂ 'ਚ ਫਸਲ ਭਿੱਜਣ ਕਰਕੇ ਬੋਲੀ ਨੂੰ ਬ੍ਰੇਕ, ਖੇਤੀਬਾੜੀ ਵਿਭਾਗ ਦਾ ਦਾਅਵਾ ਨੁਕਸਾਨ ਦੀ ਕੋਈ ਰਿਪੋਰਟ ਨਹੀਂ
Farmer News: ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇੱਕ ਪਾਸੇ ਮੀਂਹ ਨੇ ਝੋਨੇ ਦੀ ਵਾਢੀ ਰੋਕ ਦਿੱਤੀ ਹੈ ਤੇ ਦੂਜੇ ਪਾਸੇ ਮੰਡੀਆਂ ਵਿੱਚ ਫਸਲ ਭਿੱਜਣ ਕਰਕੇ ਕਿਸਾਨਾਂ ਲਈ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਨਾਲ ਹੀ ਮਾਨ...
Farmer News: ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇੱਕ ਪਾਸੇ ਮੀਂਹ ਨੇ ਝੋਨੇ ਦੀ ਵਾਢੀ ਰੋਕ ਦਿੱਤੀ ਹੈ ਤੇ ਦੂਜੇ ਪਾਸੇ ਮੰਡੀਆਂ ਵਿੱਚ ਫਸਲ ਭਿੱਜਣ ਕਰਕੇ ਕਿਸਾਨਾਂ ਲਈ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਦੇ ਮੰਡੀਆਂ ਅੰਦਰ ਪੁਖਤਾ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਗਈ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਸ਼ ਨਾਲ ਝਾੜ ਉੱਪਰ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਝੋਨੇ ਦੀ ਕਟਾਈ ਦਾ ਕੰਮ ਵੀ ਕੁਝ ਦਿਨ ਲੇਟ ਹੋਏਗਾ।
ਉਧਰ, ਖੇਤੀਬਾੜੀ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਮੌਸਮ ਦੀ ਖਰਾਬੀ ਕਰਕੇ ਝੋਨੇ ਦੀ ਫਸਲ ਤਿੰਨ ਚਾਰ ਦਿਨ ਲੇਟ ਹੋ ਸਕਦੀ ਹੈ ਪਰ ਕਿਧਰੋਂ ਵੀ ਫਸਲ ਦੇ ਨੁਕਸਾਨ ਦੀ ਸੂਚਨਾ ਨਹੀਂ। ਖੇਤੀ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਮੁਹਾਲੀ, ਨਵਾਂ ਸ਼ਹਿਰ ਤੇ ਲੁਧਿਆਣਾ ਜ਼ਿਲ੍ਹੇ ’ਚ ਝੋਨੇ ਦੀ ਵਾਢੀ ਰੁਕ ਗਈ ਹੈ। ਖੇਤੀਬਾੜੀ ਵਿਭਾਗ ਮੁਤਾਬਕ ਮਾਝੇ ’ਚ ਤਾਂ ਕਰੀਬ ਪੰਜਾਹ ਫੀਸਦੀ ਫਸਲ ਆ ਵੀ ਚੁੱਕੀ ਹੈ। ਮਾਲਵਾ ਖ਼ਿੱਤੇ ਵਿੱਚ ਫਸਲ ਦੀ ਆਮਦ ਹਾਲੇ ਘੱਟ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਫਸਲ ਦੀ ਆਮਦ ਵਧੇਗੀ।
ਦੱਸ ਦਈਏ ਕਿ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਮਾਲਵੇ ਦੇ ਬਹੁਤੇ ਪੇਂਡੂ ਖਰੀਦ ਕੇਂਦਰ ਹਾਲੇ ਚੱਲੇ ਹੀ ਨਹੀਂ। ਮਾਝੇ ਦੀਆਂ ਮੰਡੀਆਂ ਵਿੱਚ ਫਸਲ ਵਧੇਰੇ ਆ ਚੁੱਕੀ ਹੈ। ਰੋਜ਼ਾਨਾ ਦੋ ਲੱਖ ਮੀਟਰਿਕ ਟਨ ਤੋਂ ਉੱਪਰ ਫਸਲ ਆ ਰਹੀ ਹੈ। ਐਤਕੀਂ 187 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਹੈ।
ਸਰਕਾਰ ਵੱਲੋਂ ਹੁਣ ਤੱਕ 12.50 ਲੱਖ ਮੀਟਰਿਕ ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ’ਚੋਂ 4.44 ਲੱਖ ਮੀਟਰਿਕ ਟਨ ਫਸਲ ਦੀ ਚੁਕਾਈ ਵੀ ਹੋ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ 1324 ਕਰੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ। ਪੰਜਾਬ ’ਚ ਪੱਕੇ ਤੇ ਆਰਜ਼ੀ ਕੁੱਲ 2259 ਖਰੀਦ ਕੇਂਦਰ ਹਨ ਜਿਨ੍ਹਾਂ ’ਚੋਂ ਕਰੀਬ 1165 ਖਰੀਦ ਕੇਂਦਰਾਂ ’ਚ ਹੀ ਫਸਲ ਦੀ ਆਮਦ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।