ਲਾਲ ਘੋੜੇ ਨੂੰ ਕਾਲਾ ਰੰਗ ਕਰਕੇ ਲੱਖਾਂ ਰੁਪਏ ਠੱਗੇ, ਵਧੀਆ ਨਸਲ ਦੇ ਘੋੜੇ ਵੇਚਣ ਦੇ ਨਾਂ 'ਤੇ ਇੱਕ ਹੋਰ ਬੰਦੇ ਨੂੰ ਠੱਗਿਆ
ਕਈ ਦਹਾਕੇ ਪਹਿਲਾਂ ਨੌਸਰਬਾਜ ਨਟਵਰ ਲਾਲ ਠੱਗੀਆਂ ਮਾਰ ਕੇ ਲੋਕਾਂ ਨੂੰ ਮੂਰਖ ਬਣਾਇਆ ਕਰਦਾ ਸੀ। ਇੱਕ ਵਾਰ ਫਿਰ ਅਜਿਹੇ ਧੋਖੇਬਾਜ਼ ਸਾਹਮਣੇ ਆਏ ਹਨ। ਜ਼ਿਲ੍ਹਾ ਸੰਗਰੂਰ ਵਿੱਚ ਜਿੱਥੇ ਇਸ ਸਮੇਂ ਕਈ ਗਰੋਹ ਇਕੱਠੇ ਸਰਗਰਮ ਹੋਏ ਹਨ
ਸੰਗਰੂਰ: ਕਈ ਦਹਾਕੇ ਪਹਿਲਾਂ ਨੌਸਰਬਾਜ ਨਟਵਰ ਲਾਲ ਠੱਗੀਆਂ ਮਾਰ ਕੇ ਲੋਕਾਂ ਨੂੰ ਮੂਰਖ ਬਣਾਇਆ ਕਰਦਾ ਸੀ। ਇੱਕ ਵਾਰ ਫਿਰ ਅਜਿਹੇ ਧੋਖੇਬਾਜ਼ ਸਾਹਮਣੇ ਆਏ ਹਨ। ਜ਼ਿਲ੍ਹਾ ਸੰਗਰੂਰ ਵਿੱਚ ਜਿੱਥੇ ਇਸ ਸਮੇਂ ਕਈ ਗਰੋਹ ਇਕੱਠੇ ਸਰਗਰਮ ਹੋਏ ਹਨ ਜਿਨ੍ਹਾਂ ਨੇ ਭੋਲ਼ੇ-ਭਾਲੇ ਲੋਕਾਂ ਨੂੰ ਚੰਗੀ ਨਸਲ ਦੇ ਘੋੜੇ ਖਰੀਦਣ ਤੇ ਵੇਚਣ ਦੇ ਨਾਂ ਉੱਤੇ ਮੂਰਖ ਬਣਾ ਕੇ ਲੱਖਾਂ ਰੁਪਏ ਠੱਗ ਲਏ ਹਨ। ਪੁਲਿਸ ਮਾਮਲਾ ਦਰਜ ਕਰ ਇਸ ਨਟਵਰ ਲਾਲ ਨੂੰ ਫੜਨ ਵਿੱਚ ਜੁਟੀ ਹੈ।
ਥਾਣਾ ਸਿਟੀ ਸੁਨਾਮ ਵਿੱਚ ਦਰਜ ਪਹਿਲੇ ਮਾਮਲੇ ਅਨੁਸਾਰ ਰਮੇਸ਼ ਕੁਮਾਰ ਪੁੱਤਰ ਸ਼ਾਮ ਸੁੰਦਰ ਨਿਵਾਸੀ ਵਾਰਡ ਨੰਬਰ 14 ਮਹੱਲਾ ਹਰਚਰਨ ਨਗਰ ਲਹਿਰਾਗਾਗਾ ਨੇ ਪੁਲਿਸ ਨੂੰ ਦੱਸਿਆ ਕਿ ਜਤਿੰਦਰਪਾਲ ਸਿੰਘ ਸੇਖਾਂ ਪੁੱਤ ਨਿਸ਼ਾਨ ਸਿੰਘ ਨਿਵਾਸੀ ਸੁੰਦਰ ਸਿਟੀ ਸੁਨਾਮ, ਲਖਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਸਿੰਹਪੁਰਾ ਸੁਨਾਮ ਤੇ ਲਚਰਾ ਖਾਨਾ ਉਰਫ ਗੋਗਾ ਖਾਨ ਪੁੱਤ ਨਾਮਾਲੂਮ ਨਿਵਾਸੀ ਲੇਹਲ ਕਲਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਲਾਲ ਘੋੜੇ ਉੱਤੇ ਕਾਲ਼ਾ ਰੰਗ ਕਰਕੇ ਉਸ ਨਾਲ ਘੋੜੇ ਦੀ ਖਰੀਦੋ-ਫਰੋਖਤ ਵਿੱਚ ਠੱਗੀ ਮਾਰੀ ਹੈ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮ ਤੋਂ 22 ਲੱਖ 65 ਹਜ਼ਾਰ ਰੁਪਏ ਵਿੱਚ ਇੱਕ ਘੋੜਾ ਖਰੀਦਿਆ ਸੀ ਜਿਸ ਦੀ ਕੀਮਤ 7 ਲੱਖ 65 ਹਜਾਰ ਨਕਦ ਤੇ ਬਾਕੀ ਰਾਸ਼ੀ ਦੋ ਚੈੱਕ ਦੇ ਕੇ ਅਦਾ ਕੀਤੀ ਸੀ। ਇਸ ਘੋੜੇ ਦਾ ਸੌਦਾ ਲਚਰਾ ਖਾਨ ਦੁਆਰਾ ਕਰਵਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਕਾਲੇ ਰੰਗ ਦਾ ਘੋੜਾ ਖਰੀਦਿਆ ਸੀ, ਪਰ ਜਦੋਂ ਉਸ ਨੇ ਘੋੜੇ ਨੂੰ ਘਰ ਜਾ ਕੇ ਨਹਾਇਆ ਤਾਂ ਉਸ ਦਾ ਕਾਲ਼ਾ ਰੰਗ ਨਿਕਲ ਗਿਆ ਤੇ ਘੋੜੇ ਦਾ ਰੰਗ ਲਾਲ ਨਿਕਲਿਆ।
ਉੱਧਰ, ਥਾਣਾ ਚੀਮਾ ਵਿੱਚ ਦਰਜ ਦੂਜੇ ਮਾਮਲੇ ਅਨੁਸਾਰ ਵਾਸੂ ਸ਼ਰਮਾ ਪੁੱਤਰ ਵਿਪਨ ਸ਼ਰਮਾ ਨਿਵਾਸੀ ਵਾਰਡ ਨੰਬਰ 27 ਮੋਗਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਸਟੱਡ ਫ਼ਾਰਮ ਲਈ ਘੋੜੇ ਖਰੀਰਦਾ ਤੇ ਵੇਚਦਾ ਰਹਿੰਦਾ ਹੈ। ਉਸ ਨੂੰ ਘੋੜਿਆਂ ਦੇ ਦਲਾਲ ਵਿੱਕੀ ਬੱਗਾ ਨੇ ਦੱਸਿਆ ਕਿ ਸੁਖਚੈਨ ਸਿੰਘ, ਬਿੰਦਰ ਸਿੰਘ ਪੁੱਤ ਲੱਖਾ ਸਿੰਘ ਨਿਵਾਸੀ ਝਾੜੋ ਦੇ ਕੋਲ ਮਾਰਵਾੜੀ ਘੋੜਾ ਤੇ ਫਰਮਾਨ ਸਿੰਘ ਸੰਧੂ ਪੁੱਤਰ ਜੋਰਾ ਸਿੰਘ ਨਿਵਾਸੀ ਅਤਾਲਾ ਕੋਲ ਮਾਰਵਾੜੀ ਘੋੜਾ ਹੈ ਜੋ ਵੇਚਣ ਲਈ ਤਿਆਰ ਹੈ। ਜਦੋਂ ਉਹ ਸੁਖਚੈਨ ਸਿੰਘ ਦੇ ਘਰ ਗਿਆ ਤਾਂ ਉਨ੍ਹਾਂ ਨੇ ਸੁਖਚੈਨ ਸਿੰਘ ਦਾ ਮਾਰਵਾੜੀ ਘੋੜਾ ਕਹਿ ਕੇ ਵਿਖਾਇਆ।
ਇਸ ਮਗਰੋਂ ਫਰਮਾਨ ਸਿੰਘ ਨੇ ਵੀਡੀਓ ਵਿੱਚ ਆਪਣਾ ਘੋੜਾ ਮਾਰਵਾੜੀ ਕਹਿ ਕੇ ਵਿਖਾਇਆ ਤੇ ਇਹ ਵੀ ਕਿਹਾ ਕਿ ਉਕਤ ਘੋੜਾ ਬੇਤਾਬ ਦਾ ਭਰਾ ਤੇ ਰੌਲੀ ਵਾਲੀ ਬਲਡ ਲਾਈਨ ਤੋਂ ਹੈ। ਇਸ ਸਭ ਖੂਬੀਆਂ ਕਾਰਨ ਉਨ੍ਹਾਂ ਦਾ ਸੌਦਾ 37 ਲੱਖ 41 ਹਜਾਰ ਰੁਪਏ ਵਿੱਚ ਹੋ ਗਿਆ। ਉਸ ਨੇ ਨੌਂ ਲੱਖ ਰੁਪਏ ਨਕਦ ਸੁਖਚੈਨ ਸਿੰਘ ਤੇ 15 ਲੱਖ ਰੁਪਏ ਫਰਮਾਨ ਸਿੰਘ ਨੂੰ ਉਸ ਦੇ ਘੋੜੇ ਦੇ ਕੁਲਦੀਪ ਸਿੰਘ, ਮਨਜੀਤ ਸਿੰਘ ਤੇ ਆਪਣੇ ਭਰਾ ਰਾਘਵ ਸ਼ਰਮਾ ਸਾਹਮਣੇ ਐਡਵਾਂਸ ਦੇ ਤੌਰ ਉੱਤੇ ਦਿੱਤੇ। ਇਸ ਤੋਂ ਬਾਅਦ ਬਾਕੀ ਰਾਸ਼ੀ ਵੀ ਉਨ੍ਹਾਂ ਨੂੰ ਦੇ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਜੋ ਘੋੜੇ ਉਨ੍ਹਾਂ ਦੇ ਘਰ ਭੇਜੇ ਉਹ ਘੋੜੇ ਨਹੀਂ ਸਨ ਜੋ ਉਸ ਨੂੰ ਦਿਖਾਏ ਗਏ ਸਨ।