Ghalughara Diwas: ਕੀ ਜੇਤੂ ਉਮੀਦਵਾਰ ਮੰਨਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼, ਘੱਲੂਘਾਰਾ ਦਿਵਸ ਮੌਕੇ ਨਹੀਂ ਮਨਾਉਣਗੇ ਜਸ਼ਨ?
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਚਾਰ ਜੂਨ ਨੂੰ ਚੋਣ ਨਤੀਜੇ ਆਉਣ ਮਗਰੋਂ ਉਹ ਆਪਣੀ ਜਿੱਤ ਨੂੰ ਢੋਲ-ਢਮੱਕੇ ਆਦਿ ਨਾਲ ਨਾ ਮਨਾਉਣ
Ghalughara Diwas: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਚਾਰ ਜੂਨ ਨੂੰ ਚੋਣ ਨਤੀਜੇ ਆਉਣ ਮਗਰੋਂ ਉਹ ਆਪਣੀ ਜਿੱਤ ਨੂੰ ਢੋਲ-ਢਮੱਕੇ ਆਦਿ ਨਾਲ ਨਾ ਮਨਾਉਣ ਕਿਉਂਕਿ ਇਸ ਵੇਲੇ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ ਤੇ ਸਮੁੱਚਾ ਸਿੱਖ ਜਗਤ ਜੂਨ 1984 ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਲੋਕਾਂ ਨੂੰ ਯਾਦ ਕਰ ਰਿਹਾ ਹੈ। ਹੁਣ ਵੇਖਣਾ ਹੋਏਗੀ ਕਿ ਉਮੀਦਵਾਰ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਦੀ ਪਾਲਣਾ ਕਰਦੇ ਹਨ ਜਾਂ ਨਹੀਂ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਸਾਕੇ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਤੀਜੇ ਘੱਲੂਘਾਰੇ ਦਾ ਨਾਂ ਦਿੱਤਾ ਗਿਆ ਹੈ। ਜੂਨ 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਜਦੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਸ੍ਰੀ ਅਕਾਲ ਤਖ਼ਤ ’ਤੇ ਫ਼ੌਜੀ ਹਮਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਇੱਥੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸ਼ਰਧਾਲੂ ਤੇ ਬੇਦੋਸ਼ੇ ਸਿੱਖ ਵੀ ਫ਼ੌਜ ਦੀ ਗੋਲੀਆਂ ਦਾ ਸ਼ਿਕਾਰ ਬਣੇ ਸਨ। ਇਸ ਵੇਲੇ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਵੀ ਸਮੁੱਚੇ ਸਿੱਖਾਂ ਨੂੰ ਅਪੀਲ ਕੀਤੀ ਗਈ ਸੀ ਕਿ ਘੱਲੂਘਾਰਾ ਦਿਵਸ ਹੋਣ ਕਾਰਨ ਚੋਣ ਨਤੀਜਿਆਂ ਮਗਰੋਂ ਜੇਤੂ ਉਮੀਦਵਾਰ ਖੁਸ਼ੀ ਮਨਾਉਂਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਨਾ ਆਉਣ ਸਗੋਂ ਇਸ ਹਫ਼ਤੇ ਮਗਰੋਂ ਖੁਸ਼ੀ-ਖੇੜੇ ਮਨਾਏ ਜਾਣ। ਦਲ ਖਾਲਸਾ ਵੱਲੋਂ ਫ਼ੌਜੀ ਹਮਲੇ ਦੇ ਰੋਸ ਵਜੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ 5 ਜੂਨ ਨੂੰ ਘੱਲੂਘਾਰਾ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 40 ਸਾਲ ਜਾਂ 400 ਸਾਲ ਹੋ ਜਾਣ ਪਰ ਘੱਲੂਘਾਰੇ ਦੇ ਜ਼ਖਮ ਹਮੇਸ਼ਾ ਸਿੱਖਾਂ ਦੇ ਮਨਾਂ ਵਿੱਚ ਹਰੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਦਿਨ ਹਨ, ਉਹ ਸਿੱਖਾਂ ਦੇ ਲਈ ਬੜੇ ਅਸਹਿ ਹਨ ਕਿਉਂਕਿ ਭਾਰਤੀ ਹਕੂਮਤ ਨੇ ਇਨ੍ਹਾਂ ਦਿਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਆਈਆਂ ਸੰਗਤਾਂ ਨੂੰ ਬਹੁਤ ਹੀ ਜਾਲਮ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਸੀ। ਇਨ੍ਹਾਂ ਸ਼ਹੀਦੀਆਂ ਦਾ ਜ਼ਖਮ ਹਮੇਸ਼ਾ ਹੀ ਰਿਸਦੇ ਰਹਿਣਾ ਹੈ ਤੇ ਇਸ ਦੀ ਭਰਪਾਈ ਕੋਈ ਵੀ ਸਰਕਾਰ ਨਹੀਂ ਕਰ ਸਕਦੀ।