ਦੋ ਗੈਂਗਸਟਰਾਂ ਦੇ ਐਨਕਾਉਂਟਰ ਮਗਰੋਂ ਪੰਜਾਬ ਸਰਕਾਰ ਦੀ ਗੁਨਾਹਾਂ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਅਪੀਲ, ਹੁਣ ਵਾਪਸ ਪਰਤ ਆਓ
ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਅੰਮ੍ਰਿਤਸਰ ਐਨਕਾਊਂਟਰ ਦੇ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕਰਕੇ ਗੁਨਾਹਾਂ ਦੀਆਂ ਦੁਨੀਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਪਰਤ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਪੁਲਿਸ ਨੇ 2 ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ।
ਚੰਡੀਗੜ੍ਹ: ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਅੰਮ੍ਰਿਤਸਰ ਐਨਕਾਊਂਟਰ ਦੇ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕਰਕੇ ਗੁਨਾਹਾਂ ਦੀਆਂ ਦੁਨੀਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਪਰਤ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਪੁਲਿਸ ਨੇ 2 ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ। ਇਸ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਲੋਕਾਂ ਅੰਦਰਲੇ ਜ਼ਖ਼ਮ 'ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ 'ਚ ਨਸ਼ਿਆਂ ਤੇ ਗੈਂਗਸਟਰਾਂ ਖਿਲਾਫ ਸਪੱਸ਼ਟ ਸਟੈਂਡ ਹੈ।
ਅੱਜ ਸਾਡੀ ਸਰਕਾਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰ ਰਹੀ ਹੈ। ਸਾਡੀ ਸਰਕਾਰ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਤੇ ਕੱਲ੍ਹ ਦੀ ਕਾਰਵਾਈ ਇਸ ਦਾ ਸਿੱਧਾ ਸੁਨੇਹਾ ਹੈ। ਇਹ ਕੋਈ ਪੁਰਾਣੀ ਸਰਕਾਰ ਨਹੀਂ ਜੋ ਇਨ੍ਹਾਂ ਗੈਂਗਸਟਰਾਂ ਦੇ ਨਾਲ ਚੱਲੇਗੀ ਤੇ ਇਨ੍ਹਾਂ ਨੂੰ ਤਾਕਤ ਦੇਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਗੈਂਗਸਟਰ ਦੀ ਮਾਂ ਨੇ ਕਿਹਾ ਕਿ ਮੈਂ ਲਾਸ਼ ਲੈਣ ਨਹੀਂ ਜਾਵਾਂਗੀ। ਇਸ ਨਾਲ ਸੁਨੇਹਾ ਮਿਲੇਗੀ ਕਿ ਅਪਰਾਧ ਛੱਡ ਕੇ ਵਾਪਸ ਪਰਤ ਆਓ।
ਪੁਲਿਸ ਦਾ ਕਹਿਣਾ ਹੈ ਕਿ ਪਿੰਡ ਭਕਨਾ ਦੇ ਖੇਤਾਂ ਵਿੱਚ ਜਿਸ ਘਰ ਵਿੱਚ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਲੁਕੇ ਹੋਏ ਸਨ, ਉਹ ਖਾਲੀ ਸੀ। ਇਹ ਮਕਾਨ ਅਤੇ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਬਲਵਿੰਦਰ ਸਿੰਘ ਦੇ ਨਾਂ 'ਤੇ ਹੈ। 6 ਸਾਲ ਪਹਿਲਾਂ ਬਲਵਿੰਦਰ ਨੇ ਇਹ ਘਰ ਨੇੜਲੇ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੋਧੀ ਨੂੰ ਦਿੱਤਾ ਸੀ। ਉਦੋਂ ਤੋਂ ਇਹ ਮਕਾਨ ਖਾਲੀ ਪਿਆ ਸੀ।
ਮੰਨੂੰ ਕੁੱਸਾ ਨੇ ਹੀ ਮੂਸੇਵਾਲਾ ਨੂੰ ਮਾਰੀ ਸੀ ਪਹਿਲੀ ਗੋਲੀ
ਸ਼ਾਰਪਸ਼ੂਟਰ ਮੰਨੂ ਕੁੱਸਾ ਗੈਂਗਸਟਰ ਲਾਰੈਂਸ ਅਤੇ ਉਸ ਦੇ ਕੈਨੇਡਾ ਸਥਿਤ ਸਾਥੀ ਗੋਲਡੀ ਬਰਾੜ ਦਾ ਕਰੀਬੀ ਹੈ। 29 ਮਈ ਨੂੰ ਮੰਨੂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਨੂੰ ਏ.ਕੇ.47 ਨਾਲ ਗੋਲੀ ਮਾਰ ਦਿੱਤੀ ਸੀ। ਇਸ ਤੋਂ ਪਹਿਲਾਂ ਮੰਨੂੰ ਦੀ ਜੇਲ੍ਹ ਵਿੱਚ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ। ਮੰਨੂ ਨੂੰ ਸ਼ੱਕ ਸੀ ਕਿ ਵਿਰੋਧੀ ਬੰਬੀਹਾ ਗੈਂਗ ਨੇ ਉਸ ਦੀ ਕੁੱਟਮਾਰ ਕਰਕੇ ਬਦਨਾਮੀ ਕੀਤੀ ਹੈ। ਇਸ ਕਰਕੇ ਉਹ ਗੁੱਸੇ ਵਿੱਚ ਸੀ। ਬੰਬੀਹਾ ਗੈਂਗ ਦੇ ਕਰੀਬੀ ਮੰਨੇ ਜਾਂਦੇ ਮੂਸੇਵਾਲਾ ਦੇ ਕਤਲ ਵਿੱਚ ਵੀ ਉਹ ਇਸੇ ਕਾਰਨ ਸ਼ਾਮਲ ਸੀ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦਾ ਕਤਲ ਕਰਨ ਵਾਲੇ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਕਤਲ ਤੋਂ ਬਾਅਦ ਪੰਜਾਬ ਵਿੱਚ ਘੁੰਮਦੇ ਰਹੇ। ਸੂਤਰਾਂ ਅਨੁਸਾਰ ਜੂਨ ਦੇ ਅਖੀਰ ਤੱਕ ਉਹ ਤਰਨਤਾਰਨ ਦੇ ਇੱਕ ਪਿੰਡ ਵਿੱਚ ਲੁਕਿਆ ਹੋਇਆ ਸੀ। ਰੂਪਾ ਇਸੇ ਇਲਾਕੇ ਦਾ ਵਸਨੀਕ ਸੀ। ਇੱਥੇ ਇੱਕ ਹੋਰ ਗੈਂਗਸਟਰ ਤੂਫ਼ਾਨ ਨੇ ਉਸ ਨੂੰ ਆਪਣੇ ਫਾਰਮ ਹਾਊਸ ਵਿੱਚ ਛੁਪਾ ਲਿਆ ਸੀ। ਉਨ੍ਹਾਂ ਨਾਲ ਗੈਂਗਸਟਰ ਰਈਆ ਵੀ ਮੌਜੂਦ ਸੀ।