35 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਨਹੀਂ ਚੁੱਕਾਂਗੇ, ਸਗੋਂ 36 ਹਜ਼ਾਰ ਕਰੋੜ ਦਾ ਕਰਜ਼ਾ ਵਾਪਸ ਵੀ ਕਰਾਂਗਾ, ਹਰਪਾਲ ਚੀਮਾ ਨੇ ਦੱਸੀ ਕਰਜ਼ੇ ਦੀ ਸੱਚਾਈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਵਿਧਾਇਕਾਂ ਵੱਲੋਂ ਪ੍ਰਗਟਾਏ ਤੌਖਲਿਆਂ ਦਾ ਜੁਆਬ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਖਤਮ ਕਰਨ ਦਾ ਯਤਨ ਕਰੇਗੀ ਤੇ ਆਮਦਨ ਦੇ ਵਸੀਲੇ ਜੁਟਾਏ ਜਾਣਗੇ।
ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਉਹ 35 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਨਹੀਂ ਚੁੱਕਣਗੇ ਜਦੋਂਕਿ ਉਹ 36 ਹਜ਼ਾਰ ਕਰੋੜ ਦਾ ਕਰਜ਼ਾ ਵਾਪਸ ਵੀ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਲੰਘੇ ਤਿੰਨ ਮਹੀਨਿਆਂ ’ਚ ਅੱਠ ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਹੈ ਜਦੋਂਕਿ 10,500 ਕਰੋੜ ਦਾ ਕਰਜ਼ਾ ਵਾਪਸ ਕੀਤਾ ਹੈ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰਾਂ ਨੂੰ ਘੇਰਿਆ।
ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਬਜਟ ’ਤੇ ਹੋਈ ਬਹਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਵਿਧਾਇਕਾਂ ਵੱਲੋਂ ਪ੍ਰਗਟਾਏ ਤੌਖਲਿਆਂ ਦਾ ਜੁਆਬ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਖਤਮ ਕਰਨ ਦਾ ਯਤਨ ਕਰੇਗੀ ਤੇ ਆਮਦਨ ਦੇ ਵਸੀਲੇ ਜੁਟਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ਕਰਜ਼ਾ ਲੈਣ ਦੀ ਤੈਅ ਹੱਦ 55 ਹਜ਼ਾਰ ਕਰੋੜ ਰੁਪਏ ਹੈ, ਪਰ ਉਹ 35 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਨਹੀਂ ਚੁੱਕਣਗੇ ਜਦੋਂ ਕਿ ਉਹ 36 ਹਜ਼ਾਰ ਕਰੋੜ ਦਾ ਕਰਜ਼ਾ ਵਾਪਸ ਵੀ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਲੰਘੇ ਤਿੰਨ ਮਹੀਨਿਆਂ ’ਚ ਅੱਠ ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਹੈ ਜਦੋਂ ਕਿ 10,500 ਕਰੋੜ ਦਾ ਕਰਜ਼ਾ ਵਾਪਸ ਕੀਤਾ ਹੈ।
ਪੰਜਾਬ ਵਿਧਾਨ ਸਭਾ ’ਚ ਸਦਨ ਨੇ ਬਜਟ 2022-23 ਲਈ ਪ੍ਰਵਾਨਗੀ ਦਿੱਤੀ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਗੱਠਜੋੜ ਸਰਕਾਰ ਸਮੇਂ 31 ਹਜ਼ਾਰ ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਵਿੱਚ ਹੋਏ ਘਾਲ਼ੇ-ਮਾਲ਼ੇ ਕਰਕੇ ਸੂਬਾ ਸਰਕਾਰ ਨੂੰ ਅਜੇ 15 ਸਾਲ ਹੋਰ ਪ੍ਰਤੀ ਮਹੀਨੇ 270 ਕਰੋੜ ਵਾਧੂ ਅਦਾ ਕਰਨੇ ਪੈ ਰਹੇ ਹਨ। ਉਨ੍ਹਾਂ ਜਾਣੂ ਕਰਾਇਆ ਕਿ ‘ਆਪ’ ਸਰਕਾਰ ਨੇ ਕੇਂਦਰ ਤੱਕ ਪਹੁੰਚ ਕਰਕੇ ਹੁਣ ਇਸ ਰਾਸ਼ੀ ’ਤੇ ਪੈਂਦੇ 8.25 ਫੀਸਦੀ ਵਿਆਜ ਨੂੰ 7.35 ਫੀਸਦੀ ਕਰਾਇਆ ਹੈ।
ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਬਜਟ ਦਾ ਜੋ 20 ਫੀਸਦੀ ਪੈਸਾ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਿਆ ਹੈ, ਉਸ ਨੂੰ ਵਸੂਲਿਆ ਜਾਵੇਗਾ। ਵਿੱਤ ਮੰਤਰੀ ਨੇ ਉਚੇਚੇ ਤੌਰ ’ਤੇ ਟਾਈਲਾਂ ਦੀ ਖਰੀਦ, ਸਮਾਜਿਕ ਸੁਰੱਖਿਆ ਵਿਭਾਗ ਵਿਚ ਭਾਰ ਤੋਲਕ ਮਸ਼ੀਨਾਂ ਦੀ ਖਰੀਦ, ਟਰਾਂਸਪੋਰਟ ਵਿਭਾਗ ਤੇ ਸੜਕਾਂ ਦੇ ਟੈਂਡਰਾਂ ਵਿੱਚ ਵੱਧ ਉਡਾਏ ਸਰਕਾਰੀ ਪੈਸੇ ਦੀ ਜਾਂਚ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਹ ਘਪਲੇ ਕਰਨ ਵਾਲੇ ਹੁਣ ਡਰ ਕਿਉਂ ਰਹੇ ਹਨ। ਚੀਮਾ ਨੇ ਸ਼ਰਾਬ ਮਾਫੀਆ ਦੀ ਗੱਲ ਕਰਦਿਆਂ ਹਰਿਆਣਾ ’ਚੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਇੱਕ ਸਾਬਕਾ ਮੰਤਰੀ ’ਤੇ ਉਂਗਲ ਉਠਾਈ। ਉਨ੍ਹਾਂ ਨਵੀਂ ਅਬਕਾਰੀ ਨੀਤੀ ਤੋਂ ਵਧੇਰੇ ਮਾਲੀਆ ਜੁਟਾਏ ਜਾਣ ਦਾ ਤਰਕ ਵੀ ਦਿੱਤਾ।