(Source: ECI/ABP News)
ਸੀਐਮ ਭਗਵੰਤ ਮਾਨ ਨੇ ਨਿਊ ਚੰਡੀਗੜ੍ਹ 'ਚ ਮੰਗੀ ਨਵੀਂ ਹਾਈਕੋਰਟ? ਹਰਿਆਣੇ ਸੀਐਮ ਦੇ ਦਾਅਵੇ ਮਗਰੋਂ ਵਿਰੋਧੀਆਂ ਨੇ ਪੁੱਛਿਆ, ਜਦ ਚੰਡੀਗੜ੍ਹ ਲੈਣ ਦਾ ਹੀ ਮਤਾ ਪਾਸ ਤਾਂ ਕਿਉਂ ਮੰਗ ਰਹੇ ਵੱਖਰੀ ਹਾਈਕੋਰਟ ?
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਦੇ ਮੁੱਦੇ ਤੋਂ ਬਾਅਦ ਹੁਣ ਹਾਈਕੋਰਟ ਨੂੰ ਲੈ ਕੇ ਸਿਆਸੀ ਸੰਗ੍ਰਾਮ ਛਿੜ ਗਿਆ ਹੈ।
ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਦੇ ਮੁੱਦੇ ਤੋਂ ਬਾਅਦ ਹੁਣ ਹਾਈਕੋਰਟ ਨੂੰ ਲੈ ਕੇ ਸਿਆਸੀ ਸੰਗ੍ਰਾਮ ਛਿੜ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਨਿਊ ਚੰਡੀਗੜ੍ਹ 'ਚ ਪੰਜਾਬ ਲਈ ਨਵੀਂ ਹਾਈਕੋਰਟ ਦੀ ਮੰਗ ਕੀਤੀ ਗਈ ਹੈ। ਇਸ ਨੂੰ ਲੈ ਕੇ ਹੁਣ ਵਿਰੋਧੀਆਂ ਵੱਲੋਂ ਸੀਐਮ ਮਾਨ ਨੂੰ ਘੇਰਿਆ ਜਾਣ ਲੱਗਿਆ ਹੈ।
ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਨੇ ਇਸ ਨੂੰ ਲੈ ਕੇ ਸੀਐਮ ਦਾ ਸਪੱਸ਼ਟੀਕਰਨ ਮੰਗਿਆ ਹੈ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਤੇ ਸ਼ੁਰੂ ਵਿੱਚ ਚੰਡੀਗੜ੍ਹ ਪੰਜਾਬ ਦੀ ਹੀ ਰਾਜਧਾਨੀ ਸੀ, ਫਿਰ ਪੰਜਾਬ ਹਾਈ ਕੋਰਟ ਕਿਉਂ ਛੱਡੇਗੀ? ਉਨ੍ਹਾਂ ਕਿਹਾ ਸੀਐਮ ਦੇ ਅਜਿਹੇ ਬਿਆਨ ਚੰਡੀਗੜ੍ਹ 'ਤੇ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਦੇ ਹਨ।
ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਭੇਜਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਕਾਨਫਰੰਸ 30 ਅਪ੍ਰੈਲ ਨੂੰ ਹੋਈ ਸੀ। ਇਸ ਵਿੱਚ ਸੀਐਮ ਭਗਵੰਤ ਮਾਨ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਸਾਹਮਣੇ ਨਿਊ ਚੰਡੀਗੜ੍ਹ ਵਿੱਚ ਵੱਖਰੀ ਹਾਈ ਕੋਰਟ ਦੀ ਮੰਗ ਕੀਤੀ ਹੈ।
My statement on separate High Courts for States of Punjab and Haryana. pic.twitter.com/SVlTy96HpS
— Partap Singh Bajwa (@Partap_Sbajwa) July 3, 2022
ਬਾਜਵਾ ਨੇ ਕਿਹਾ ਕਿ ਮੌਜੂਦਾ ਹਾਈ ਕੋਰਟ ਦੀ ਇਮਾਰਤ ਹੀ ਪੰਜਾਬ ਨੂੰ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੀ ਹੈ, ਪਹਿਲਾਂ ਬੀਬੀਐਮਬੀ ਮੁੱਦੇ 'ਤੇ ਫਿਰ ਚੰਡੀਗੜ੍ਹ 'ਚ ਸੈਂਟਰ ਸਰਵਿਸ ਰੂਲਜ਼ ਲਾਗੂ ਕਰ ਤੇ ਫਿਰ ਪੰਜਾਬ ਯੂਨੀਵਰਸਿਟੀ ਦੇ ਕੰਮ 'ਚ ਦਖਲਅੰਦਾਜ਼ੀ ਜੋ ਕਿ ਪੰਜਾਬ ਲਈ ਖਤਰਨਾਕ ਹੈ।
ਬਾਜਵਾ ਨੇ ਕਿਹਾ ਜਦ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦਾ ਮਤਾ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਪਾਸ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਵੱਖਰੀ ਹਾਈਕੋਰਟ ਦੀ ਮੰਗ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਉਹ ਅਸਤੀਫਾ ਦੇ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਕਠਪੁਤਲੀ ਮੁੱਖ ਮੰਤਰੀ ਵੱਲੋਂ ਨਹੀਂ ਚਲਾਇਆ ਜਾ ਸਕਦਾ। ਦੱਸ ਦਈਏ ਕਿ ਫਿਲਹਾਲ ਇਸ ਮੁੱਦੇ 'ਤੇ ਆਪ ਦੇ ਕਿਸੇ ਵੀ ਆਗੂ ਦੀ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
