'ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਅੱਗ ਲੱਗਣ ਕਰਕੇ ਹੋਈ ਤਬਾਹ, ਅੱਗ ਬੁਝਾਉਣ ਲਈ ਸਰਕਾਰ ਨੇ ਨਹੀਂ ਕੀਤੇ ਕੋਈ ਪੁਖਤਾ ਪ੍ਰਬੰਧ, ਕਿਸਾਨਾਂ 'ਚ ਰੋਸ'
ਸਰਕਾਰ ਵੱਲੋਂ ਅੱਗ ਬੁਝਾਉਣ ਲਈ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸਦਾ ਰੋਸ ਕਿਸਾਨ ਵੀਰਾਂ ਵਿੱਚ ਵੀ ਹੈ, ਸਰਕਾਰ ਨੂੰ ਤੁਰੰਤ ਨੁਕਸਾਨ ਦਾ ਸਰਵੇ ਕਰਵਾ ਕਿਸਾਨਾਂ ਨੂੰ ਸੜੀਆਂ ਫ਼ਸਲਾਂ ਦਾ ਮੁਆਵਜਾਂ ਦੇਣਾ ਚਾਹੀਦਾ ਹੈ।
Punjab News: ਪੰਜਾਬ ਦੇ ਮਾਲਵੇ ਇਲਾਕੇ ਵਿੱਚ ਇਸ ਵੇਲੇ ਵਾਢੀ ਦਾ ਪੂਰਾ ਜ਼ੋਰ ਹੈ ਤੇ ਇਸ ਮੌਕੇ ਪਹਿਲਾਂ ਪਏ ਮੀਂਹ ਤੇ ਚੱਲੇ ਝੱਖੜ ਨੇ ਕਿਸਾਨਾਂ ਦਾ ਚੋਖਾ ਨੁਕਸਾਨ ਕੀਤਾ ਹੈ ਤੇ ਹੁਣ ਦਿਨ ਵਿੱਚ ਕਈ-ਕਈ ਥਾਵਾਂ ਤੋਂ ਕਣਕ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜਿਸ ਤੋਂ ਬਾਅਦ ਕਿਸਾਨ ਅੱਖਾਂ ਅੱਗੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਸੜਦਾ ਦੇਖਕੇ ਭੁੱਬਾ ਮਾਰਕੇ ਰੋ ਰੋਂਦੇ ਵੀ ਦਿਖਾਈ ਦਿੱਤੇ। ਇਸ ਮੌਕੇ ਸਰਕਾਰ ਤੋਂ ਕਿਸਾਨਾਂ ਦੇ ਨੁਕਸਾਨ ਦੀ ਭਰਭਾਈ ਦੀ ਮੰਗ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ ਵਿੱਚ ਕਈ ਥਾਈਂ ਕਿਸਾਨ ਵੀਰਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਸੈਕੜੇ ਏਕੜ ਫ਼ਸਲ ਅੱਗ ਲੱਗਣ ਕਾਰਨ ਤਬਾਹ ਹੋ ਗਈ, ਇਹ ਸਵੇਰੇ ਖਬਰਾਂ ਦੇਖ ਬਹੁਤ ਦੁੱਖ ਹੋਇਆ। ਸਰਕਾਰ ਵੱਲੋਂ ਅੱਗ ਬੁਝਾਉਣ ਲਈ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸਦਾ ਰੋਸ ਕਿਸਾਨ ਵੀਰਾਂ ਵਿੱਚ ਵੀ ਹੈ, ਸਰਕਾਰ ਨੂੰ ਤੁਰੰਤ ਨੁਕਸਾਨ ਦਾ ਸਰਵੇ ਕਰਵਾ ਕਿਸਾਨਾਂ ਨੂੰ ਸੜੀਆਂ ਫ਼ਸਲਾਂ ਦਾ ਮੁਆਵਜਾਂ ਦੇਣਾ ਚਾਹੀਦਾ ਹੈ।
ਸਾਹਨੇਵਾਲ ਚ ਲੱਗੀ ਭਿਆਨਕ ਅੱਗ
ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਵਿੱਚ ਅੱਗ ਲੱਗਣ ਕਾਰਨ ਕਰੀਬ 18 ਏਕੜ ਪੱਕ ਕੇ ਤਿਆਰ ਖੜੀ ਫਸਲ ਸੜ ਕੇ ਸੁਆਹ ਹੋ ਗਈ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ। ਮੌਕੇ ’ਤੇ ਮੌਜੂਦ ਕਿਸਾਨ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਤੋਂ ਸ਼ਾਰਟ-ਸਰਕਟ ਕਾਰਨ ਖੇਤਾਂ ਵਿੱਚ ਖੜੀ ਫ਼ਸਲ ਨੂੰ ਅੱਗ ਲੱਗ ਗਈ ਜਿਸ ਨੂੰ ਕਿਸਾਨਾਂ ਨੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਪਰ ਉਦੋਂ ਤੱਕ 18 ਏਕੜ ਫ਼ਸਲ ਸੜ ਕੇ ਸੁਆਹ ਹੋ ਗਈ ਸੀ।
ਬਾਘਾ ਪੁਰਾਣਾ ਵਿੱਚ ਵੀ ਅੱਗ ਦਾ ਤਾਂਡਵ
ਅੱਜ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਤੇ ਡੇਮਰੂ ਸੜਕ 'ਤੇ 150 ਕਿੱਲੇ ਕਣਕ ਦਾ ਨਾੜ ਅਤੇ 40 ਕਿੱਲੇ ਦੇ ਕਰੀਬ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਕਿਹਾ ਜਾ ਰਿਹਾ ਹੈ ਕਿ ਕੰਬਾਈਨ ਕਣਕ ਵੱਢ ਰਹੀ ਸੀ ਉਸ ਦੇ ਸ਼ਾਰਟ ਸਰਕਟ ਹੋਣ ਨਾਲ ਇਹ ਅੱਗ ਲੱਗੀ ਹੈ। ਇਸ ਅੱਗ ਲੱਗਣ ਨਾਲ ਇੱਕ ਫੋਰਡ ਟਰੈਕਟਰ, ਟਰਾਲਾ ਤੇ ਇੱਕ ਮੋਟਰਸਾਈਕਲ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਏ ।
ਫਿਰੋਜ਼ਪੁਰ ਵਿੱਚ ਅੱਗ ਲੱਗਣ ਕਾਰਨ ਨੌਜਵਾਨ ਦੀ ਮੌਤ
ਫਿਰੋਜ਼ਪੁਰ ਵਿਖੇ ਕਣਕ ਨੂੰ ਅੱਗ ਲੱਗਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਕੱਲ੍ਹ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਅੱਜ ਫਿਰ ਜੀਰਾ ਦੇ ਪਿੰਡ ਸੋਢੀ ਵਾਲਾ ਅਤੇ ਰਟੋਲ ਰੋਹੀ ਵਿੱਚ ਕਣਕ ਨੂੰ ਭਿਆਨਕ ਅੱਗ ਲੱਗੀ ਹੈ ਜਿਸ ਦਾ ਸ਼ਿਕਾਰ ਦੋ ਬੱਚੇ ਹੋਏ ਨੇ ਜੋ ਮੋਟਰਸਾਈਕਲ ਤੇ ਕੋਲੋਂ ਲੰਘ ਰਹੇ ਸਨ ਅਤੇ ਅੱਗ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਵਿਚੋਂ ਇੱਕ 17 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ।
ਸੰਗਰੂਰ ਵਿੱਚ ਵੀ ਅੱਗ ਨੇ ਮਚਾਇਆ ਕਹਿਰ
ਸੰਗਰੂਰ ਦੇ ਪਿੰਡ ਹਰੀਗੜ੍ਹ ਵਿਖੇ ਕਣਕ ਦੇ ਨਾੜ ਨੂੰ ਭਿਆਨਕ ਅੱਗ ਲੱਗੀ ਹੈ। ਹਰੀਗੜ੍ਹ ਜਿੱਥੇ ਕਿਸਾਨ ਦੇ ਖੇਤ ਵਿੱਚ ਅੱਗ ਲੱਗ ਗਈ। ਜਿਸ ਵਿੱਚ 30 ਤੋਂ 35 ਏਕੜ ਕਣਕ ਦੇ ਨਾੜ ਸੜਨ ਦੀ ਖਬਰ ਮਿਲੀ ਹੈ। ਇਸ ਤੋਂ ਬਾਅਦ ਕਾਫੀ ਦੇਰ ਤੱਕ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਜਿਸ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ।






















