ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ 'ਤੇ ਹੋਏ ਦੁਰਵਿਵਹਾਰ ਤੋਂ ਬਾਅਦ ਭੜਕਿਆ 'ਪੰਜਾਬ', ਦੋਸ਼ੀਆਂ ਦੇ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਦੀ ਮੰਗ
ਸਿੰਘ ਸਾਹਿਬ ਸਾਡੀ ਸਤਿਕਾਰਤ ਸਖ਼ਸ਼ੀਅਤ ਹਨ, ਉਹਨਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ।
Punjab News: ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਹੈਰਾਨ ਖ਼ਬਰ ਸਾਹਮਣੇ ਆਈ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Giani Raghbir Singh) ਨਾਲ ਏਅਰ ਇੰਡੀਆ ਦੇ ਸਟਾਫ਼ ਮੈਂਬਰਾਂ ਵੱਲੋਂ ਦੁਰਵਿਵਹਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਧਾਰਮਿਕ ਆਗੂਆਂ ਵੱਲੋਂ ਅਜਿਹੇ ਦੁਰਵਿਵਹਾਰ ਦੀ ਨਿਖੇਧੀ ਕੀਤੀ ਗਈ। ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕਿਹਾ ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਿੱਖ ਕੌਮ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਰਘਬੀਰ ਸਿੰਘ ਜੀ ਨਾਲ ਏਅਰ ਇੰਡੀਆ ਤੇ ਉਸਦੇ ਕਰਮਚਾਰੀਆਂ ਵੱਲੋਂ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ। ਸਿੰਘ ਸਾਹਿਬ ਸਾਡੀ ਸਤਿਕਾਰਤ ਸਖ਼ਸ਼ੀਅਤ ਹਨ, ਉਹਨਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ।
ਸਿੱਖ ਕੌਮ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਰਘਬੀਰ ਸਿੰਘ ਜੀ ਨਾਲ ਏਅਰ ਇੰਡੀਆ ਤੇ ਉਸਦੇ ਕਰਮਚਾਰੀਆਂ ਵੱਲੋਂ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ। ਸਿੰਘ ਸਾਹਿਬ ਸਾਡੀ ਸਤਿਕਾਰਤ ਸਖ਼ਸ਼ੀਅਤ ਹਨ,… pic.twitter.com/AEn9ME5lvd
— Bhagwant Mann (@BhagwantMann) April 25, 2025
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀ ਕਿਹਾ ?
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Kuldeep Singh Gargaj) ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੰਘ ਸਾਹਿਬ ਜੀ ਨੇ ਵਿਦੇਸ਼ਾਂ ਵਿੱਚ ਕਈ ਪ੍ਰਚਾਰ ਦੌਰੇ ਕੀਤੇ ਹਨ ਤੇ ਹੁਣ ਵੀ ਜਦੋਂ ਉਹ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੇ ਸਨ, ਤਾਂ ਏਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਬਹੁਤ ਮਾੜੇ ਹਾਲਤ ਵਾਲੀਆਂ ਸੀਟਾਂ ਉਨ੍ਹਾਂ ਸਮੇਤ ਹੋਰ ਯਾਤਰੀਆਂ ਨੂੰ ਦਿੱਤੀਆਂ ਗਈਆਂ ਜਿਸ ਦਾ ਉਨ੍ਹਾਂ ਨੇ ਮੌਕੇ ਉੱਤੇ ਵਿਰੋਧ ਕੀਤਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਵਿਰੋਧ ਕਰਨ ਤੋਂ ਬਾਅਦ ਹਵਾਈ ਅੱਡੇ ਦੇ ਅਧਿਕਾਰੀ ਸਿੰਘ ਸਾਹਿਬ ਸਮੇਤ ਹੋਰਨਾਂ ਦੇ ਪਾਸਪੋਰਟ ਲੈ ਗਏ ਤੇ ਪਿਛਲੇ ਕਈ ਘੰਟਿਆਂ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਭੁੱਖਣ ਭਾਣੇ ਬੈਠਾ ਕੇ ਰੱਖਿਆ ਹੋਇਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਵਿਵਹਾਰ ਅਤੇ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਈਬਾਜੀ ਮੰਤਰੀ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਪਦਵੀ ਬਹੁਤ ਹੀ ਸਤਿਕਾਰਯੋਗ ਹੈ ਕਿਉਂਕਿ ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਥਾਪੇ ਗਏ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਤੋਂ ਲੈ ਕੇ ਚੱਲਦੀ ਆ ਰਹੀ ਸਿੱਖਾਂ ਦੀ ਵਿਲੱਖਣ ਵਿਰਾਸਤ ਦਾ ਹਿੱਸਾ ਹੈ, ਇਸ ਲਈ ਕੇਂਦਰੀ ਏਜੰਸੀਆਂ ਅਤੇ ਹਵਾਈ ਅੱਡੇ ਉੱਤੇ ਤਾਇਨਾਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਸਤਿਕਾਰ ਤੇ ਸਨਮਾਨ ਦਾ ਹਮੇਸ਼ਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਹਰਜਿੰਦਰ ਸਿੰਘ ਧਾਮੀ ਵੱਲੋਂ ਘਟਨਾ ਦੀ ਨਿਖੇਧੀ
ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਹੋਏ ਅਣਉਚਿਤ ਵਿਹਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਸਿੱਖ ਕੌਮ ਦੀ ਅਤਿ ਆਦਰਯੋਗ ਅਤੇ ਧਾਰਮਿਕ ਰੂਪ ਵਿੱਚ ਮਹੱਤਵਪੂਰਨ ਸ਼ਖ਼ਸੀਅਤ ਨਾਲ ਕੀਤਾ ਗਿਆ ਗਲਤ ਵਿਹਾਰ ਨਿਰਾਸ਼ਾਜਨਕ ਹੈ।






















