Punjab News: ਜੇ ਪੰਜਾਬ ਦੇ ਹਾਲਾਤ ਸਹੀ ਤਾਂ ਫਿਰ ਸੀਐਮ ਭਗਵੰਤ ਮਾਨ ਦੀ ਪਤਨੀ ਨੂੰ 40-40 ਸੁਰੱਖਿਆ ਮੁਲਾਜ਼ਮਾਂ ਦੀ ਕੀ ਲੋੜ?
ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਪਤਨੀ ਦੀ ਸੁਰੱਖਿਆ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ। ਜਿੱਥੇ ਸੋਸ਼ਲ ਮੀਡੀਆ ਉੱਪਰ ਸੀਐਮ ਭਗਵੰਤ ਮਾਨ ਦੀ ਪਤਨੀ ਨੂੰ 40 ਦੇ ਕਰੀਬ ਸੁਰੱਖਿਆ ਮੁਲਾਜ਼ਮ ਦੇਣ ਦੀ ਅਲੋਚਨਾ ਹੋ ਰਹੀ ਹੈ...
Punjab News: ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਪਤਨੀ ਦੀ ਸੁਰੱਖਿਆ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ। ਜਿੱਥੇ ਸੋਸ਼ਲ ਮੀਡੀਆ ਉੱਪਰ ਸੀਐਮ ਭਗਵੰਤ ਮਾਨ ਦੀ ਪਤਨੀ ਨੂੰ 40 ਦੇ ਕਰੀਬ ਸੁਰੱਖਿਆ ਮੁਲਾਜ਼ਮ ਦੇਣ ਦੀ ਅਲੋਚਨਾ ਹੋ ਰਹੀ ਹੈ, ਉੱਥੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਤਿੱਖੇ ਸਵਾਲ ਕੀਤੇ ਹਨ।
ਬਲਕੌਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤ ਦੇ ਕਤਲ ਨੂੰ 10 ਮਹੀਨਿਆਂ ਦਾ ਸਮਾਂ ਹੋਣ ਵਾਲਾ ਹੈ, ਪਰ ਅਜੇ ਤੱਕ ਅਸਲੀ ਕਾਤਲਾਂ ਦਾ ਪਤਾ ਨਹੀਂ ਲੱਗਿਆ ਜਦਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਹੀ ਦੱਸਿਆ ਜਾ ਰਿਹਾ ਹੈ। ਇਸ ਦੇ ਉਲਟ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਲਈ 40-40 ਸੁਰੱਖਿਆ ਜਵਾਨ ਜੈਮਰ ਸਣੇ ਲਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਹਾਲਾਤ ਠੀਕ ਹਨ ਤਾਂ ਸੀਐਮ ਦੀ ਪਤਨੀ ਨੂੰ ਇੰਨੀ ਸੁਰੱਖਿਆ ਦੀ ਕੀ ਲੋੜ?
ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਦੀ ਪਹਿਲੀ ਬਰਸੀ ਮਨਾਉਣ ਜਾ ਰਹੇ ਹਨ ਅਤੇ ਸਰਕਾਰਾਂ ਤੋਂ ਜਦੋਂ ਇਨਸਾਫ਼ ਦੀ ਆਸ ਨਾ ਰਹੀ ਤਾਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਨਿਆਂ ਲੈਣ ਲਈ ਸੜਕਾਂ ’ਤੇ ਉਤਰਨਗੇ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਗੋਲੀਆਂ ਨਾਲ ਛਲਣੀ ਕੀਤੀ ‘ਥਾਰ’ ਉਤੇ ਰੱਖ ਕੇ ਸੜਕਾਂ ’ਤੇ ਘੁੰਮਣਗੇ।
ਉਨ੍ਹਾਂ ਸਵਾਲ ਕੀਤਾ ਕਿ ਉਸ ਦੇ ਪੁੱਤ ਨੂੰ ਮਾਰਨ ਲਈ ਕਰੋੜਾਂ ਦੇ ਹਥਿਆਰ ਕਿਸ ਨੇ ਲੈ ਕੇ ਦਿੱਤੇ ਤੇ ਲਾਰੈਂਸ ਬਿਸ਼ਨੋਈ ਸਮੇਤ ਗੋਲਡੀ ਬਰਾੜ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਅਖ਼ਬਾਰਾਂ ਤੇ ਸੋਸ਼ਲ ਮੀਡੀਆ ’ਤੇ ਲਈ, ਜਿਸ ਤੋਂ ਵੱਡੇ ਪੁਲਿਸ ਕੋਲ ਹੋਰ ਕੀ ਸਬੂਤ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਸਬੰਧੀ ਜਾਣਕਾਰੀ ਨਸ਼ਰ ਕਰਨ ਵਾਲੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਤੋਂ ਪੁੱਛ-ਪੜਤਾਲ ਕਰਨ ਲਈ ਸਰਕਾਰ ਨੂੰ 4-5 ਵਾਰ ਬੇਨਤੀ ਕਰ ਚੁੱਕੇ ਹਨ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ ਦੇ ਹੱਲ ਲਈ ਮੁੱਖ ਮੰਤਰੀ ਤੇ ਉਸ ਦੀ ਕੈਬਨਿਟ ਅਜੇ ਤੱਕ ਗੰਭੀਰ ਨਹੀਂ ਹੋਈ।